ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਜ਼ਮੀਨੀ ਪੱਧਰ ''ਤੇ ਪ੍ਰਚਾਰ ਕੀਤਾ ਸ਼ੁਰੂ, ਅਕਾਲੀਆਂ ''ਤੇ ਵੀ ਸਾਧੇ ਨਿਸ਼ਾਨੇ

12/09/2017 3:49:00 PM

ਪਟਿਆਲਾ (ਇੰਦਰਜੀਤ ਬਕਸ਼ੀ) — ਨਿਗਮ ਚੋਣਾਂ 'ਚ ਹਰ ਪਾਰਟੀ ਜਿੱਤਣ ਲਈ ਆਪਣੇ ਆਗੂਆਂ ਨੂੰ ਜ਼ਮੀਨੀ ਪੱਧਰ 'ਤੇ ਉਤਾਰ ਰਹੀ ਹੈ। ਇਸ ਕੜੀ 'ਚ ਪਟਿਆਲਾ 'ਚ ਕਾਂਗਰਸ ਦੇ ਘਨੌਰ ਦੇ ਵਿਧਾਇਕ ਮਦਨਲਾਲ ਜਲਾਲਪੁਰ ਨੇ ਕਾਂਗਰਸ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਤੇ ਨਵੇਂ ਦਫਤਰ ਦਾ ਉਦਘਾਟਨ ਕੀਤਾ।
ਮਦਨਲਾਲ ਜਲਾਲਪੁਰ ਨੇ ਕਿਹਾ ਕਿ ਅੱਜ ਕਾਂਗਰਸ ਦੀ ਸਥਿਤੀ ਮਜਬੂਤ ਹੈ, ਜਿਸ ਕਾਰਨ ਅਕਾਲੀ ਦਲ ਕੋਈ ਨਾ ਕੋਈ ਬਹਾਨਾ ਲਗਾ ਕੇ ਇਸ ਚੋਣ ਤੋਂ ਪਿੱਛੇ ਹਟਣਾ ਚਾਹੁੰਦਾ ਹੈ ਕਿਉਂਕਿ ਵਿਧਾਨ ਸਭਾ 'ਚ ਵੀ ਸਾਰੇ ਬੂਥਾਂ 'ਤੇ ਕਾਂਗਰਸ ਦੀ ਜਿੱਤ ਹੋਈ ਸੀ ਤੇ ਹੁਣ 60 ਵਾਰਡਾਂ 'ਚ ਵੀ ਕਾਂਗਰਸ ਜਿੱਤ ਦਰਜ ਕਰਵਾਏਗੀ। ਅਕਾਲੀ ਦਲ ਅੱਜ ਇਸ ਕਦਰ ਡਰਿਆ ਹੋਇਆ ਹੈ ਕਿ ਪਿਛਲੇ ਦਿਨੀਂ ਕਾਰਪੋਰੇਸ਼ਨ ਦੇ ਵੱਡੇ ਅਹੁਦਿਆਂ 'ਤੇ ਬੈਠੇ ਆਗੂ ਚੋਣਾਂ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਆਪਣੇ ਚਮਚਿਆਂ ਨੂੰ ਟਿਕਟ ਦੇ ਕੇ ਖੁਦ ਚੋਣ ਨਾ ਲੜਨ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਚੋਣਾਂ 'ਚ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਕਰੇਗੀ। ਉਨ੍ਹਾਂ ਕਿਹਾ ਬਾਦਲ ਸਾਹਿਬ ਨੂੰ ਆਪਣੇ ਉਮੀਦਵਾਰਾਂ ਕੋਲੋਂ ਚੋਣ ਲੜਵਾਉਣੀ ਚਾਹੀਦੀ ਹੈ ਨਾ ਕੀ ਧਰਨੇ 'ਤੇ ਬੈਠਣਾ ਚਾਹੀਦਾ ਹੈ।