ਬੱਚੇ ਬੋਲੇ-‘ਮੇਅਰ ਅੰਕਲ ਚਾਰੋਂ ਤਰਫ ਹੈ ਪਾਣੀ, ਸਕੂਲ ਕੈਸੇ ਜਾਏਂ’

07/17/2018 1:24:12 AM

ਪਟਿਆਲਾ(ਜੋਸਨ, ਬਲਜਿੰਦਰ)-ਸ਼ਾਹੀ ਸ਼ਹਿਰ ਅੱਜ ਕੁੱਝ ਕੁ ਘੰਟਿਆਂ ਲਈ ਪਈ ਬਾਰਿਸ਼ ਨਾਲ ਜਲ-ਥਲ ਹੋ ਗਿਆ।  ਸ਼ਹਿਰ ਦੇ ਹਰ ਖੇਤਰ ਵਿਚ ਗੋਡੇ-ਗੋਡੇ ਪਾਣੀ ਖਡ਼੍ਹਾ ਸੀ। ਇਸ ਕਾਰਨ ਵੱਡੀ ਗਿਣਤੀ ਵਿਚ ਬੱਚੇ ਸਕੂਲ ਜਾਣ ਤੋਂ ਵਾਂਝੇ ਰਹਿ ਗਏ। ਇਸ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਚਾਰੋਂ ਪਾਸੇ ਫੈਲੇ ਪਾਣੀ ਕਾਰਨ ਸਕੂਲੀ ਬੱਚੇ ਸਵੇਰੇ ਸ਼ਹਿਰ ਦੇ  ਮੇਅਰ  ਨੂੰ ਕਹਿ ਰਹੇ ਸਨ ਕਿ ‘ਚਾਰੋਂ ਤਰਫ ਹੈ ਪਾਣੀ, ਮੇਅਰ ਅੰਕਲ ਸਕੂਲ ਕੈਸੇ ਜਾਏਂ।’ ਉਹ ਸਕੂਲ ਜਾਣ ਤੋਂ ਤਾਂ  ਰਹਿ ਹੀ ਗਏ, ਸੜਕਾਂ ’ਤੇ ਖੜ੍ਹੇ  ਪਾਣੀ ਕਾਰਨ ਜ਼ਿਆਦਾ ਸਕੂਲ ਵਾਹਨ ਬੱਚਿਅਾਂ ਦੇ ਘਰਾਂ ਤੱਕ ਵੀ ਨਾ ਪਹੁੰਚ ਸਕੇ। ਉਂਝ ਨਿਗਮ ਵਿਕਾਸ ਕਾਰਜਾਂ ਵਿਚ ਰੁੱਝੀ ਹੋਈ ਹੈ। ਹਾਲਾਤ ਅਜਿਹੇ ਹਨ ਕਿ ਪਾਣੀ ਦੀ ਨਿਕਾਸੀ ਦਾ ਵੀ  ਕੋਈ ਪ੍ਰਬੰਧ ਨਹੀਂ। ਜਿੱਥੇ ਕਿਤੇ ਪ੍ਰਬੰਧ ਸੀ, ਉਥੇ ਵਿਕਾਸ ਕਾਰਜਾਂ ਕਾਰਨ ਆਖਰਕਾਰ ਬੰਦ ਹੋ ਗਏ।
ਸੀਨੀ. ਡਿਪਟੀ ਮੇਅਰ ਨਿਗਮ ਮੁਲਾਜ਼ਮਾਂ ਨਾਲ ਲੋਕਾਂ  ਦੀਅਾਂ ਪ੍ਰੇਸ਼ਾਨੀ ਦੇ ਹੱਲ ਲਈ ਡਟੇ
 ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤਿੰਨ ਜਣਿਆਂ ਦੀ ਨਿਯੁਕਤੀ ਕੀਤੀ ਗਈ ਹੈ। ਪਤਾ ਨਹੀਂ ਕਿਉਂ ਜ਼ਮੀਰ ਸਿਰਫ਼ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੀ ਹੀ ਜਾਗਦੀ ਹੈ। ਉਹੀ ਨਿਗਮ ਵਿਚ ਇਕੋ-ਇਕ ਅਜਿਹੇ ਕਾਂਗਰਸੀ ਨੇਤਾ ਹਨ, ਜੋ ਜ਼ਮੀਨ ਨਾਲ ਜੁਡ਼ੇ ਹੋਏ ਹਨ। ਅੱਜ ਬਾਰਿਸ਼ ਵੇਲੇ ਨਿਗਮ ਮੁਲਾਜ਼ਮਾਂ ਨਾਲ ਲੋਕਾਂ ਦੀਅਾਂ ਪ੍ਰੇਸ਼ਾਨੀਅਾਂ ਦੇ ਹੱਲ ਲਈ ਡਟੇ ਰਹੇ। ਇਸ ਤੋਂ ਪਤਾ ਚਲਦਾ ਹੈ ਕਿ ਸੀਨੀਅਰ ਡਿਪਟੀ ਮੇਅਰ ਨੂੰ ਆਪਣੇ ਅਹੁਦੇ, ਉਸ ਦੇ ਮਾਣ-ਸਨਮਾਨ ਦੀ ਕੋਈ ਪ੍ਰਵਾਹ ਨਹੀਂ ਹੈ। ਬੱਸ ਸ਼ਾਹੀ ਸ਼ਹਿਰ ਦੇ ਲੋਕਾਂ ਦਾ ਖਿਆਲ  ਹੈ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। 
 ਫੂਲਕੀਆ ਐਨਕਲੇਵ ਦੇ ਸਾਹਮਣੇ ਖਡ਼੍ਹਾ 2-2  ਫੁੱਟ ਪਾਣੀ
 ਯੂਥ ਅਕਾਲੀ ਦਲ ਦੇ ਸੂਬਾਈ ਮੀਤ ਪ੍ਰਧਾਨ ਅਤੇ ਨਿਗਮ ਦੇ ਸੀਨੀਅਰ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ ਨੇ ਆਖਿਆ ਕਿ ਕਾਂਗਰਸ ਦਿਖਾਵੇ ਜ਼ਿਆਦਾ ਕਰ ਰਹੀ ਹੈ ਪਰ ਸ਼ਹਿਰ ਵਿਚ ਕੋਈ ਕੰਮ ਨਹੀਂ ਹੋ ਰਿਹਾ। ਫੂਲਕੀਆ ਐਨਕਲੇਵ ਦੇ ਸਾਹਮਣੇ  2-2 ਫੁੱਟ ਪਾਣੀ ਖਡ਼੍ਹਾ ਹੈ। ਲੋਕ ਖੱਜਲ-ਖੁਆਰ ਹੋ ਰਹੇ ਹਨ। ਨਿਗਮ ਅਧਿਕਾਰੀ ਕੁਰਸੀਆਂ ’ਤੇ ਬੈਠੇ ਅਨੰਦ ਮਾਣ ਰਹੇ ਹਨ ਕਿਉਂਕਿ ਜਦੋਂ ਨਿਗਮ ਦਾ ਮੇਅਰ ਹੀ ਕੁੱਝ ਨਹੀਂ ਕਰ ਰਿਹਾ ਤਾਂ ਅਫਸਰ ਕਿਉਂ ਕਰਨ? ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦਾ ਮਾਡ਼ਾ ਹਾਲ ਹੈ। ਜੇਕਰ ਫੂਲਕੀਆ ਐਨਕਲੇਵ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਕਾਲੀ ਦਲ ਵੱਲੋਂ ਧਰਨਾ ਲਾਇਆ ਜਾਵੇਗਾ।
ਕਿਸਾਨਾਂ ਦੀ ਚਿਹਰੇ ਖਿਡ਼ੇ
 ਖੁੱਲ੍ਹ ਕੇ ਪਈ ਬਾਰਿਸ਼ ਕਾਰਨ ਅੱਜ ਕਿਸਾਨਾਂ ਦੇ ਚਿਹਰੇ ਖਿਡ਼ੇ ਦੇਖੇ ਗਏ ਕਿਉਂਕਿ ਝੋਨੇ ਦੀ ਫਸਲ ਹੁਣ ਸੰਭਲ ਚੁੱਕੀ ਹੈ। ਬਾਰਿਸ਼ ਨਾਲ ਖੇਤਾਂ ਵਿਚ ਪਾਣੀ ਭਰ ਗਿਆ ਅਤੇ ਜਿਸ ਤਰ੍ਹਾਂ ਮੌਸਮ ਮਾਹਰਾਂ ਵੱਲੋਂ ਅਗਲਾ ਪੂਰਾ ਹਫਤਾ ਬਾਰਿਸ਼ ਪਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਉਸ ਤੋਂ ਕਿਸਾਨ ਹੋਰ ਵੀ ਖੁਸ਼ ਨਜ਼ਰ ਆ ਰਹੇ ਹਨ।