ਨਗਰ ਕੌਂਸਲ ਜ਼ੀਰਾ ਦੀ ਸਫਾਈ ਮੁਹਿੰਮ ਹੋਈ ਠੁੱਸ

03/13/2018 12:50:14 AM

ਜ਼ੀਰਾ(ਗੁਰਮੇਲ)—ਨਗਰ ਕੌਂਸਲ ਜ਼ੀਰਾ ਵੱਲੋਂ ਸ਼ਹਿਰ 'ਚ ਚਲਾਈ ਗਈ ਸਫਾਈ ਮੁਹਿੰਮ ਠੁੱਸ ਹੁੰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਕਈ ਵਾਰਡਾਂ ਵਿਚ ਸਫਾਈ ਸੇਵਕ ਕਈ-ਕਈ ਦਿਨ ਗਲੀਆਂ-ਨਾਲੀਆਂ ਦੀ ਸਫਾਈ ਨਹੀਂ ਕਰਦੇ ਅਤੇ ਨਾਲੀਆਂ ਵਿਚ ਰੁਕੇ ਗੰਦੇ ਪਾਣੀ ਕਾਰਨ ਭਾਰੀ ਤਾਦਾਦ ਵਿਚ ਮੱਛਰ ਪੈਦਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਵਿਧਾਇਕ ਦੇ ਆਪਣੇ ਵਾਰਡ ਨੰਬਰ-9 ਦੇ ਘੋੜ ਮੁਹੱਲਾ ਝਤਰਾ ਰੋਡ 'ਚ ਬੀਤੇ 6 ਮਹੀਨਿਆਂ ਤੋਂ ਕੋਈ ਪੱਕਾ ਸਫਾਈ ਸੇਵਕ ਨਹੀਂ ਆਉਂਦਾ ਅਤੇ ਕਦੇ-ਕਦੇ ਸਫਾਈ ਕਰਦੇ ਹਨ ਤੇ ਨਾਲੀਆਂ 'ਚੋਂ ਕੱਢੇ ਗੰਦ ਨੂੰ 15 ਦਿਨਾਂ ਤੱਕ ਕੋਈ ਚੁੱਕਦਾ ਨਹੀਂ, ਜੋ ਲੋਕਾਂ ਲਈ ਸਿਰਦਰਦੀ ਬਣਿਆ ਰਹਿੰਦਾ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਵਾਰਡ ਦਾ ਐੱਮ. ਸੀ. ਨਗਰ ਕੌਂਸਲ ਦਾ ਵਾਈਸ ਪ੍ਰਧਾਨ ਵੀ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਸਫਾਈ ਦੇ ਮਾੜੇ ਹਾਲ ਸਬੰਧੀ ਕੌਂਸਲਰ ਨੂੰ ਵੀ ਬੜੀ ਵਾਰ ਸ਼ਿਕਾਇਤ ਕੀਤੀ ਹੈ ਪਰ ਅਫਸੋਸ ਕਿ ਉਨ੍ਹਾਂ ਜੋ ਕਰਮਚਾਰੀ ਨਾਲੀਆਂ ਕੱਢਣ ਲਈ ਭੇਜੇ ਸਨ, ਉਹ ਨਾਲੀਆਂ 'ਚੋਂ ਗੰਦ ਕੱਢ ਕੇ ਗਲੀਆਂ ਵਿਚ ਢੇਰੀਆਂ ਲਗਾ ਗਏ ਹਨ ਅਤੇ ਉਨ੍ਹਾਂ ਨੂੰ ਨਾ ਚੁੱਕੇ ਜਾਣ ਕਾਰਨ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਸਬੰਧੀ ਜਦ ਸੈਨੇਟਰੀ ਇੰਸਪੈਕਟਰ ਰਮਨ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਰਮਚਾਰੀਆਂ ਦੀ ਘਾਟ ਬਾਰੇ ਗੱਲ ਕਰਦਿਆਂ ਕਿਹਾ ਕਿ ਜਲਦ ਹੀ ਇਸ ਪਾਸੇ ਧਿਆਨ ਦਿੱਤਾ ਜਾਵੇਗਾ।