ਚੋਣਾਂ ਤੋਂ ਬਾਅਦ ਨਗਰ ਨਿਗਮ ਸਾਹਮਣੇ ਬਜਟ ਟਾਰਗੈੱਟ ਪੂਰਾ ਕਰਨ ਦੀ ਚੁਣੌਤੀ

02/17/2018 6:03:48 AM

ਲੁਧਿਆਣਾ(ਹਿਤੇਸ਼)-ਚੋਣਾਂ ਤੋਂ ਠੀਕ ਬਾਅਦ ਨਗਰ ਨਿਗਮ ਦੇ ਸਾਹਮਣੇ ਬਜਟ ਟਾਰਗੈੱਟ ਪੂਰਾ ਕਰਨ ਦੀ ਚੁਣੌਤੀ ਹੈ, ਜਿਸ ਨੂੰ ਲੈ ਕੇ ਸਬੰਧਤ ਸ਼ਾਖਾ ਦੇ ਅਫਸਰਾਂ ਨਾਲ ਰੀਵਿਊ ਮੀਟਿੰਗ ਕਰਨ ਤੋਂ ਇਲਾਵਾ ਕਮਿਸ਼ਨਰ ਨੇ ਜ਼ੋਨਲ ਕਮਿਸ਼ਨਰਾਂ ਨੂੰ ਰੋਜ਼ਾਨਾ ਮੋਨੀਟਰਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਕਮਿਸ਼ਨਰ ਨੇ ਚਾਰੇ ਜ਼ੋਨਾਂ ਦੇ ਅਫਸਰਾਂ ਨੂੰ ਪ੍ਰਾਪਰਟੀ ਟੈਕਸ, ਪਾਣੀ ਸੀਵਰੇਜ ਤੇ ਬਿਲਡਿੰਗ ਸ਼ਾਖਾ ਨਾਲ ਸਬੰਧਤ ਡਿਫਾਲਟਰਾਂ ਦੀਆਂ ਲਿਸਟਾਂ ਤਿਆਰ ਕਰਨ ਨੂੰ ਕਿਹਾ ਹੈ ਤਾਂ ਕਿ ਨਗਰ ਨਿਗਮ ਚੋਣਾਂ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਸਕਣ। ਇਨ੍ਹਾਂ ਨੋਟਿਸਾਂ 'ਚ ਪਾਣੀ ਸੀਵਰੇਜ ਬਿੱਲ ਤੇ ਪ੍ਰਾਪਰਟੀ ਟੈਕਸ ਦਾ ਬਕਾਇਆ ਚੁਕਾਉਣ 'ਤੇ ਮਿਲਣ ਵਾਲੀ ਵਿਆਜ ਮੁਆਫੀ ਦੀ ਸਹੂਲਤ ਦਾ ਵੀ ਜ਼ਿਕਰ ਕੀਤਾ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਬਜਟ ਟਾਰਗੈੱਟ ਪੂਰੇ ਕਰਨ ਲਈ ਜ਼ਰੂਰੀ ਹੈ ਕਿ ਅਜੇ ਵੀ ਰਿਕਵਰੀ ਟੀਮਾਂ ਬਣਾ ਲਈਆਂ ਜਾਣ ਜਿਨ੍ਹਾਂ ਰਾਹੀਂ ਕੀਤੀ ਜਾਣ ਵਾਲੀ ਰਿਕਵਰੀ ਦੀ ਪ੍ਰੋਗ੍ਰੈੱਸ ਬਾਰੇ ਜ਼ੋਨਲ ਕਮਿਸ਼ਨਰਾਂ ਵੱਲੋਂ ਡੇਲੀ ਮੋਨੀਟਰਿੰਗ ਕੀਤੀ ਜਾਵੇਗੀ ਤੇ ਲੋੜ ਪੈਣ 'ਤੇ ਬੀ. ਐਂਡ ਆਰ. ਸ਼ਾਖਾ ਦੇ ਇੰਜੀਨੀਅਰਾਂ ਨੂੰ ਵੀ ਇਸ ਮੁਹਿੰਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਬਹਾਨੇਬਾਜ਼ੀ ਕਰਨ ਵਾਲਿਆਂ ਨੂੰ ਫਟਕਾਰ
ਚੋਣਾਂ ਦੇ ਮੌਸਮ ਕਾਰਨ ਬਕਾਇਆ ਕਰ ਦੀ ਵਸੂਲੀ ਦਾ ਕੰਮ ਕਾਫੀ ਸਮੇਂ ਤੋਂ ਠੱਪ ਪਿਆ ਹੈ। ਹੁਣ ਬਜਟ ਟਾਰਗੈੱਟ ਪੂਰੇ ਕਰਨ ਲਈ ਇਸ ਸਬੰਧੀ ਪਹਿਲਕਦਮੀ ਹੋਈ ਤਾਂ ਅਫਸਰਾਂ ਨੇ ਫਿਰ ਬਹਾਨੇਬਾਜ਼ੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਮੁਤਾਬਕ ਪਾਣੀ ਸੀਵਰੇਜ ਦੇ ਨਾਨ ਟ੍ਰੇਸਏਬਲ ਜਾਂ ਡਬਲ ਕੁਨੈਕਸ਼ਨਾਂ ਕਾਰਨ ਬਕਾਇਆ ਕਰ ਦਾ ਅੰਕੜਾ ਬਹੁਤ ਜ਼ਿਆਦਾ ਹੈ। ਪਹਿਲਾਂ ਉਸ ਨੂੰ ਡਿਲੀਟ ਕੀਤਾ ਜਾਵੇ। ਅਜਿਹੇ ਮੁਲਾਜ਼ਮਾਂ ਨੂੰ ਵਧੀਕ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਾਫ ਕਰ ਦਿੱਤਾ ਕਿ ਨਾਕਾਰਾਤਮਕ ਸੋਚ ਅਪਣਾਉਣ ਦੀ ਜਗ੍ਹਾ ਪਹਿਲਾਂ ਸ਼ੁਰੂਆਤ ਕੀਤੀ ਜਾਵੇ, ਜੇਕਰ ਕੋਈ ਦਿੱਕਤ ਆਈ ਤਾਂ ਉਸ ਦੇ ਮੱਦੇਨਜ਼ਰ ਨਾਲ-ਨਾਲ ਫੈਸਲੇ ਕੀਤੇ ਜਾਣਗੇ।