ਵਰਕਰਾਂ ਅਤੇ ਹੈਲਪਰਾਂ ''ਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ

02/22/2020 4:04:46 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ,ਪਵਨ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੂਬੇ ਭਰ 'ਚ ਆਂਗਣਵਾੜੀ ਸੈਂਟਰਾਂ 'ਚ ਕੰਮ ਕਰ ਰਹੀਆਂ 54 ਹਜ਼ਾਰ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਉਨ੍ਹਾਂ ਨੂੰ ਬਣਦਾ ਲਾਭ ਦੇਵੇ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਤੂਬਰ 2018 ਵਿਚ ਕੇਂਦਰ ਸਰਕਾਰ ਨੇ ਵਰਕਰਾਂ ਦੇ ਮਾਣਭੱਤੇ ਵਿਚ ਕ੍ਰਮਵਾਰ 1500 ਰੁਪਏ ਅਤੇ 750 ਰੁਪਏ ਦਾ ਵਾਧਾ ਕੀਤਾ ਸੀ। ਪਰ ਪੰਜਾਬ ਸਰਕਾਰ ਨੇ 1500 ਰੁਪਏ ਦੀ ਥਾਂ 900 ਅਤੇ 750 ਰੁਪਏ ਦੀ ਥਾਂ 450 ਰੁਪਏ ਦੇਣੇ ਹੀ ਸ਼ੁਰੂ ਕੀਤੇ ਹਨ, ਜਦ ਕਿ ਆਪਣੇ ਹਿੱਸੇ ਦੇ 900 ਰੁਪਏ ਅਤੇ 300 ਰੁਪਏ ਸੂਬਾ ਸਰਕਾਰ ਨੱਪੀ ਬੈਠੀ ਹੈ। ਇਸ ਕਰ ਕੇ ਆਪਣਾ ਹੱਕ ਲੈਣ ਲਈ ਵਰਕਰਾਂ ਅਤੇ ਹੈਲਪਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।

ਇਸ ਵੇਲੇ ਪੰਜਾਬ ਵਿਚ ਵਰਕਰ ਨੂੰ ਸਿਰਫ਼ 750 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਮਿਲ ਰਿਹਾ ਹੈ । ਗੁਆਂਢੀ ਰਾਜ ਹਰਿਆਣਾ 'ਚ 11 ਹਜ਼ਾਰ, ਦਿੱਲੀ 'ਚ 10 ਹਜ਼ਾਰ ਅਤੇ ਮੱਧ ਪ੍ਰਦੇਸ਼ ਵਿਚ ਵੀ ਵਰਕਰਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਮਾਣਭੱਤਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਆਉਣ ਵਾਲੇ ਛੋਟੇ ਬੱਚਿਆਂ ਨੂੰ ਸੂਬਾ ਸਰਕਾਰ ਨੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਵਾ ਕੇ ਦਾਖਲ ਕਰ ਲਿਆ ਸੀ। ਇਸ ਕਰ ਕੇ ਸਾਰੇ ਆਂਗਣਵਾੜੀ ਸੈਂਟਰ ਖਾਲੀ ਹੋ ਗਏ ਹਨ। ਭਾਵੇਂ ਜਥੇਬੰਦੀ ਦੇ ਦਬਾਅ ਕਾਰਣ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਭੇਜਣ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਸੀ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਨਹੀ ਭੇਜਿਆ ਗਿਆ। ਐੱਨ. ਜੀ. ਓ. ਅਧੀਨ ਚੱਲ ਰਹੇ 8 ਬਲਾਕਾਂ ਵਿਚੋਂ 2 ਬਲਾਕਾਂ ਸਰਵਰ ਖੂਹੀਆਂ ਅਤੇ ਬਠਿੰਡਾ ਨੂੰ ਵਾਪਸ ਵਿਭਾਗ ਵਿਚ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਸੀ। ਪਰ ਅਜੇ ਤੱਕ ਇਹ ਬਲਾਕ ਵਿਭਾਗ ਅਧੀਨ ਨਹੀ ਲਿਆਂਦੇ ਗਏ। ਜਥੇਬੰਦੀ ਦੀ ਮੰਗ ਹੈ ਕਿ ਐੱਨ. ਜੀ. ਓ. ਵਾਲੇ ਸਾਰੇ ਬਲਾਕ ਵਿਭਾਗ ਅਧੀਨ ਲਿਆਂਦੇ ਜਾਣ। ਆਂਗਣਵਾੜੀ ਸੁਪਰਵਾਈਜ਼ਰਾਂ ਦੀ ਭਰਤੀ ਵਾਲਾ ਕੰਮ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਲਟਕਾ ਰਹੀ ਹੈ ਤੇ ਇਸ ਭਰਤੀ ਨੂੰ ਨੇਪਰੇ ਨਹੀ ਚਾੜ੍ਹਿਆ ਜਾ ਰਿਹਾ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਵੀ ਭਰਿਆ ਨਹੀ ਜਾ ਰਿਹਾ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਪੋਸ਼ਣ ਅਭਿਆਨ ਦੇ ਪੈਸੇ ਵਰਕਰਾਂ ਨੱਪੀ ਬੈਠੀ ਹੈ। ਜਦ ਕਿ ਵਰਕਰਾਂ ਅਤੇ ਹੈਲਪਰਾਂ ਪੋਸ਼ਣ ਅਭਿਆਨ ਦਾ ਕੰਮ ਕਰ ਚੁੱਕੀਆਂ ਹਨ। ਪ੍ਰਧਾਨ ਮੰਤਰੀ ਮਾਤਰਮ ਯੋਜਨਾ ਸਕੀਮ ਦੇ ਪੈਸੇ ਵੀ ਦੋ ਸਾਲਾਂ ਤੋਂ ਨਹੀ ਦਿੱਤੇ ਗਏ। ਇਸੇ ਤਰ੍ਹਾਂ ਸੂਬੇ ਅੰਦਰ ਕਰੈਚ ਵਰਕਰਾਂ ਦੇ ਤੌਰ 'ਤੇ ਕੰਮ ਕਰ ਰਹੀਆਂ ਵਰਕਰਾਂ ਨੂੰ ਪਿਛਲੇ ਦੋ ਸਾਲਾਂ ਤੋਂ ਮਾਣਭੱਤਾ ਨਹੀ ਦਿੱਤਾ ਗਿਆ। ਅਜਿਹੀਆਂ ਵਰਕਰਾਂ ਦੀ ਗਿਣਤੀ 400-500 ਦੇ ਕਰੀਬ ਹੈ। ਐੱਨ. ਜੀ. ਓ. ਅਧੀਨ ਬਲਾਕਾਂ ਵਿਚ ਕੰਮ ਕਰ ਰਹੀਆਂ ਵਰਕਰਾਂ ਨੂੰ ਸੈਂਟਰਾਂ ਦਾ ਕਿਰਾਇਆ ਪਿਛਲੇ ਦੋ ਸਾਲਾਂ ਤੋਂ ਨਹੀ ਦਿੱਤਾ ਗਿਆ ਅਤੇ ਉਹ ਆਪਣੇ ਪੱਲਿਓਂ ਕਿਰਾਇਆ ਭਰ ਰਹੀਆਂ ਹਨ। ਬਾਲਣ ਦੇ ਪੈਸੇ 40 ਪੈਸੇ ਦੀ ਥਾਂ 1 ਰੁਏ ਪ੍ਰਤੀ ਲਾਭਪਾਤਰੀ ਦਿੱਤਾ ਜਾਵੇ, ਕਿਉਂਕਿ ਗੈਸ ਸਿਲੰਡਰ 450 ਰੁਪਏ ਦੀ ਥਾਂ 750 ਰੁਪਏ ਦਾ ਹੋ ਗਿਆ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਅਨੇਕਾਂ ਆਂਗਣਵਾੜੀ ਸੈਟਰਾਂ ਦੇ ਵਿਚ ਬੱਚਿਆਂ ਅਤੇ ਮਾਵਾਂ ਨੂੰ ਦੇਣ ਵਾਲਾ ਰਾਸ਼ਨ ਪਿਛਲੇ ਕਈ ਮਹੀਨਿਆਂ ਤੋਂ ਮੁੱਕਿਆ ਪਿਆ ਹੈ ਤੇ ਸਰਕਾਰ ਇਹ ਰਾਸ਼ਨ ਭੇਜ ਨਹੀ ਰਹੀ। ਅਨੇਕਾਂ ਸੈਟਰਾਂ ਦੀਆਂ ਆਪਣੀਆਂ ਸਰਕਾਰੀ ਇਮਾਰਤਾਂ ਨਹੀ ਹਨ । ਹੋਰ ਬਹੁਤ ਸਾਰੀਆਂ ਘਾਟਾਂ ਦਾ ਸ਼ਿਕਾਰ ਹਨ।

ਸਰਕਾਰੀ ਮੁਲਾਜ਼ਮ ਦਾ ਦਿੱਤਾ ਜਾਵੇ ਦਰਜਾ
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪਿਛਲੇ 44 ਸਾਲਾਂ ਤੋਂ ਕੰਮ ਕਰਦੀਆਂ ਆ ਰਹੀਆਂ ਹਨ। ਪਰ ਅਜੇ ਤੱਕ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀ ਦਿੱਤਾ ਗਿਆ। ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਵਰਕਰਾਂ ਨੂੰ ਪੱਕਾ ਕਰੇ ਜਾਂ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਵਰਕਰ ਨੂੰ ਹਰ ਮਹੀਨੇ 24 ਹਜ਼ਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਜਦ ਤੱਕ ਵਰਕਰਾਂ ਤੇ ਹੈਲਪਰਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀ ਦਿੱਤਾ ਜਾਦਾ, ਉਦੋਂ ਤੱਕ ਸਰਕਾਰ ਦੇ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਯੂਨੀਅਨ ਦਾ ਦੋਸ਼ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਜਾਣ ਬੁੱਝ ਕੇ ਆਂਗਣਵਾੜੀ ਵਰਕਰਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਸ ਕਰ ਕੇ ਵਰਕਰਾਂ ਵਿਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ।

5 ਮਾਰਚ ਨੂੰ ਵਿਭਾਗ ਦੀ ਮੰਤਰੀ ਨਾਲ ਹੋ ਰਹੀ ਹੈ ਮੀਟਿੰਗ
ਪਤਾ ਲੱਗਾ ਹੈ ਕਿ ਸਮਾਜਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਵੱਲੋਂ ਯੂਨੀਅਨ ਦੀਆਂ ਆਗੂਆਂ ਨਾਲ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਇਕ ਮੀਟਿੰਗ 5 ਮਾਰਚ ਨੂੰ ਬੁਲਾਈ ਗਈ ਹੈ। ਜੇਕਰ ਇਸ ਮੀਟਿੰਗ ਵਿਚ ਕੋਈ ਸਮਝੌਤਾ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਉਕਤ ਮੰਤਰੀ ਦੇ ਘਰ ਦੀਨਾਨਗਰ ਵਿਖੇ ਉਨ੍ਹਾਂ ਦੇ ਬੂਹੇ ਅੱਗੇ ਲੜੀਵਾਰ ਭੁੱਖ ਹੜਤਾਲ ਰੱਖੀ ਜਾਵੇਗੀ। ਇਸ ਸਬੰਧੀ ਯੂਨੀਅਨ ਜ਼ਿਲਾ ਪੱਧਰ 'ਤੇ ਤਿਆਰੀ ਮੀਟਿੰਗਾਂ ਕਰ ਰਹੀ ਹੈ।

Baljeet Kaur

This news is Content Editor Baljeet Kaur