40 ਸਿੱਖਾਂ ਦੀ ਯਾਦ ’ਚ ਲਾਏ ਗਏ ਮਾਘੀ ਮੇਲੇ ’ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਕੱਢਿਆ ਮਹੱਲਾ (ਤਸਵੀਰਾਂ)

01/16/2020 11:15:42 AM

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹੀਦ ਹੋਏ 40 ਮੁਕਤਿਆਂ ਅਤੇ ਮਾਤਾ ਭਾਗ ਕੌਰ ਦੀ ਯਾਦ ’ਚ ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਕੱਢਿਆ ਗਿਆ ਅਤੇ ਘੋੜ-ਦੌੜ ਕਰਵਾਈ ਗਈ। ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਪੁਰਾਤਨ ਰਵਾਇਤ ਮੁਤਾਬਿਕ ਪੂਰੋ ਜਾਹੋ-ਜਲਾਲ ਦੇ ਨਾਲ ਇਹ ਮਹੱਲਾ ਸ਼ੁਰੂ ਹੋਇਆ। ਨਿਹੰਗ ਸਿੰਘ ਆਪਣੇ ਬਾਣਿਆ ਵਿਚ ਸੱਜ ਕੇ ਸ਼ਸਤਰਾਂ ਸਮੇਤ ਹਾਥੀਆਂ , ਊਠਾਂ ਅਤੇ ਘੋਡ਼ਿਆਂ ਤੇ ਸਵਾਰ ਸਨ। ਗੱਤਕਾ ਪਾਰਟੀਆਂ ਦੇ ਜਵਾਨਾਂ ਵੱਲੋਂ ਆਪਣੇ ਕਰਤੱਬ ਵਿਖਾਏ ਗਏ।

ਨਿਹੰਗ ਸਿੰਘਾਂ ਦੀ ਛਾਉਣੀ ਤੋਂ ਸ਼ੁਰੂ ਹੋਇਆ ਇਹ ਮਹੱਲਾ ਸ਼ਹਿਰ ਵਿਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਪੁੱਜਿਆ। ਬਾਅਦ ਵਿਚ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਆ ਕੇ ਸਮਾਪਤੀ ਕੀਤੀ ਗਈ। ਇਸ ਮੌਕੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋਡ਼ੀ ਨੇ ਮਾਘੀ ਦੇ ਪਾਵਨ ਦਿਹਾਡ਼ੇ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਪੁੱਜੀਆਂ ਸੰਗਤਾਂ ਅਤੇ ਉਨ੍ਹਾਂ ਦੀ ਟਹਿਲ ਸੇਵਾ ਕਰਨ ’ਚ ਲੱਗੇ ਸਭ ਸੇਵਾ ਦਲਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸ੍ਰੀ ਮੁਕਤਸਰ ਸਾਹਿਬ ਦਾ ਜੋਡ਼ ਮੇਲਾ ਭੁੱਲਾਂ ਬਖਸ਼ਾਉਣ ਵਾਲਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਗੁਰੂ ਜੀ ਤੋਂ ਬਖ਼ਸ਼ਾ ਕੇ ਵੱਖ-ਵੱਖ ਖਿਤਾਬਾਂ ਦੇ ਰੂਪ ’ਚ ਅਸੀਸਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ।

ਹਰ ਸਿੱਖ ਨੂੰ ਹਰ ਸਮੇ ਚਡ਼੍ਹਦੀਕਲਾ ’ਚ ਰਹਿੰਦਿਆਂ ਕੌਮ ਦੀ ਬਿਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ। ਉਪਰੰਤ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਤੋਂ ਨਿਹੰਗ ਸਿੰਘ ਦਾ ਇਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋਡ਼ਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਆਰੰਭ ਹੋ ਕੇ ਗੁਰਦੁਆਰਾ ਤੰਬੂ ਸਾਹਿਬ ਤੋਂ ਬਾਜ਼ਾਰ ਰਾਹੀਂ ਹੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਨਿਹੰਗ ਸਿੰਘ ਮੌਜੂਦ ਸਨ।

rajwinder kaur

This news is Content Editor rajwinder kaur