ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਨਾਲ ਮੇਲਾ ਮਾਘੀ ਦੀ ਨਿੱਘੀ ਸ਼ੁਰੂਆਤ

01/12/2020 6:38:55 PM

ਸ੍ਰੀ ਮੁਕਤਸਰ ਸਾਹਿਬ ( ਰਿਣੀ) - 40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਇਤਿਹਾਸਕ ਜੋੜ ਮੇਲੇ, 'ਮੇਲਾ ਮਾਘੀ' ਦੇ ਧਾਰਮਿਕ ਸਮਾਗਮ ਅੱਜ ਤੋਂ ਆਰੰਭ ਹੋ ਚੁੱਕੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੈਡ ਗ੍ਰੰਥੀ ਬਲਵਿੰਦਰ ਸਿੰਘ ਵਲੋਂ ਕੀਤੀ ਗਈ ਅਰਦਾਸ ਨਾਲ ਹੋਈ ਹੈ, ਜਿਸ ਮਗਰੋਂ ਸਮਾਗਮ ਸ਼ੁਰੂ ਹੋ ਗਏ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਾਣਕਾਰੀ ਅਨੁਸਾਰ ਸ੍ਰੀ ਅਖੰਡ ਪਾਠਾਂ ਦੇ ਭੋਗ 14 ਜਨਵਰੀ ਮਾਘੀ ਵਾਲੇ ਦਿਨ ਪਾਏ ਜਾਣਗੇ, ਜਿਸ ਉਪਰੰਤ 15 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। 

ਦੱਸ ਦੇਈਏ ਕਿ ਮਾਘੀ ਮੇਲੇ ਨੂੰ ਲੈ ਕੇ ਸੰਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸੰਗਤਾਂ ਦੀ ਰਿਹਾਇਸ਼ ਤੋਂ ਲੈ ਕੇ ਲੰਗਰਾਂ ਤੱਕ ਦੀ ਹਰ ਸੁੱਖ ਸਹੂਲਤ ਲਈ ਸ਼੍ਰੋਮਣੀ ਕਮੇਟੀ ਵਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ’ਚ ਸਿੱਖ ਜਥੇਬੰਦੀਆਂ ਲੰਗਰ ਅਤੇ ਹੋਰ ਸੇਵਾਵਾਂ ਕਰਨ ਲਈ ਪਹੁੰਚ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਇਸ ਪਵਿੱਤਰ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਦੀ ਬੇਨਤੀ 'ਤੇ ਉਨ੍ਹਾਂ ਵਲੋਂ ਲਿਖ ਕੇ ਦਿੱਤਾ ਬੇਦਾਵਾ ਪਾੜ ਕੇ 40 ਸਿੰਘਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ ਸੀ। 

 

rajwinder kaur

This news is Content Editor rajwinder kaur