''84 ਸਿੱਖ ਕਤਲੇਆਮ ਮਾਮਲੇ ''ਚ SIT ਅੱਗੇ ਪੇਸ਼ ਹੋਇਆ ਮੁਖਤਿਆਰ ਸਿੰਘ

09/24/2019 1:52:16 PM

ਜਲੰਧਰ (ਚਾਵਲਾ) : 1984 ਕਤਲੇਆਮ ਦੇ ਇਕ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਖਿਲਾਫ ਗਵਾਹੀ ਦੇਣ ਲਈ ਮੁੱਖ ਗਵਾਹ ਮੁਖਤਿਆਰ ਸਿੰਘ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਅੱਗੇ ਪੇਸ਼ ਹੋਇਆ। 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ 'ਚ ਕਮਲਨਾਥ ਖਿਲਾਫ ਗਵਾਹੀ ਦੇਣ ਦੀ ਇੱਛਾ ਪ੍ਰਗਟ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਐੱਸ. ਆਈ. ਟੀ. ਦਫਤਰ ਪੁੱਜੇ ਮੁਖਤਿਆਰ ਸਿੰਘ ਨੇ ਐੱਸ. ਆਈ. ਟੀ. ਮੁਖੀ ਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਸ ਨੇ ਦੱਸਿਆ ਕਿ ਉਹ ਉਦੋਂ ਰਕਾਬਗੰਜ ਸਾਹਿਬ ਵਿਖੇ ਮੌਜੂਦ ਸੀ ਜਦੋਂ ਕਮਲਨਾਥ ਦੇ ਭੜਕਾਉਣ 'ਤੇ ਲੋਕਾਂ ਨੇ ਦੋ ਸਿੱਖਾਂ ਨੂੰ ਕਤਲ ਕਰ ਦਿੱਤਾ। ਇਥੇ ਦੱਸਣਯੋਗ ਹੈ ਕਿ ਸਿਰਸਾ ਵੱਲੋਂ ਮੰਗ ਪੱਤਰ ਸੌਂਪਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਮਾਮਲੇ ਦੀ ਪੈਰਵਾਈ ਕਰਨ 'ਤੇ ਐੱਸ. ਆਈ. ਟੀ. ਨੂੰ ਉਨ੍ਹਾਂ ਕੇਸਾਂ ਦੀ ਜਾਂਚ ਦੇ ਵੀ ਅਧਿਕਾਰ ਦਿੱਤੇ ਗਏ ਸਨ, ਜਿਨ੍ਹਾਂ 'ਚ ਮੁਲਜ਼ਮਾਂ ਨੂੰ ਅਦਾਲਤਾਂ ਬਰੀ ਕਰ ਚੁੱਕੀਆਂ ਹਨ ਜਾਂ ਫਿਰ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ।

ਇਹ ਇਸੇ ਤਰ੍ਹਾਂ ਦਾ ਕੇਸ ਸੀ, ਜੋ ਕਿ ਸਿਰਸਾ ਦੀ ਮੰਗ 'ਤੇ ਖੋਲ੍ਹਿਆ ਗਿਆ, ਜਿਨ੍ਹਾਂ ਨੇ ਗ੍ਰਹਿ ਮੰਤਰਾਲੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਮਗਰੋਂ ਐੱਸ. ਆਈ. ਟੀ. ਨਾਲ ਮੁਲਾਕਾਤ ਕਰ ਕੇ ਕੇਸ ਨੰਬਰ 601/84 ਖੋਲ੍ਹੇ ਜਾਣ ਦੀ ਮੰਗ ਕੀਤੀ ਸੀ। ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਐੱਸ. ਆਈ. ਟੀ. ਨੇ ਧਿਆਨ ਨਾਲ ਮੁਖਤਿਆਰ ਸਿੰਘ ਵੱਲੋਂ ਦੱਸੀ ਗੱਲ ਸੁਣੀ। ਉਨ੍ਹਾਂ ਦੱਸਿਆ ਕਿ ਦੂਜੇ ਮੁੱਖ ਗਵਾਹ ਸੰਜੇ ਸੁਰੀ, ਜੋ ਕਿ ਉਸ ਵੇਲੇ ਪੱਤਰਕਾਰ ਸਨ, ਦੀ ਗਵਾਹੀ ਦਾ ਮਾਮਲਾ ਵੀ ਵਿਚਾਰਿਆ ਗਿਆ ਅਤੇ ਐੱਸ. ਆਈ. ਟੀ. ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵੀਡੀਓ ਕਾਨਫਰਸਿੰਗ ਜ਼ਰੀਏ ਉਨ੍ਹਾਂ ਦੇ ਬਿਆਨ ਦਰਜ ਕਰ ਲਵੇਗੀ।

ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਕੀਤੀ ਮੰਗ
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਮੁਖਤਿਆਰ ਸਿੰਘ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰੇ ਨੂੰ ਵੇਖਦਿਆਂ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਇਆ ਸੀ ਤਾਂ ਉਦੋਂ ਵੀ ਗੁੰਡਿਆਂ ਨੇ ਉਸ ਨੂੰ ਬਿਆਨ ਦਰਜ ਕਰਵਾਉਣ ਵਿਰੁੱਧ ਧਮਕੀ ਦਿੱਤੀ ਸੀ ਪਰ ਉਸ ਨੇ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਬਿਆਨ ਦਰਜ ਕਰਵਾਏ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਹ ਮਾਮਲਾ ਕਾਂਗਰਸ ਦੇ ਇਕ ਮੁੱਖ ਮੰਤਰੀ ਦੇ ਖਿਲਾਫ ਹੈ ਤਾਂ ਉਸ ਨੂੰ ਬਿਨਾਂ ਦੇਰੀ ਦੇ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਸਿਰਸਾ ਨੇ ਇਹ ਵੀ ਆਖਿਆ ਕਿ ਕਮਲਨਾਥ ਨੂੰ ਹੁਣ 1984 ਦੇ ਕਤਲੇਆਮ ਦੌਰਾਨ ਕੀਤੇ ਗੁਨਾਹਾਂ ਲਈ ਜੇਲ ਜਾਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੱਜਣ ਕੁਮਾਰ ਤੇ ਹੋਰ ਸਲਾਖਾਂ ਪਿੱਛੇ ਗਏ ਹਨ ਤੇ ਹੁਣ ਉਨ੍ਹਾਂ ਦੀ ਵਾਰੀ ਹੈ।

Anuradha

This news is Content Editor Anuradha