ਸ਼੍ਰੀ ਵਿਜੇ ਚੋਪੜਾ ਜੀ ਨੇ ਸਮਾਜ-ਸੇਵਾ ਲਈ ਦਿੱਤੀ ਵੈਂਟੀਲੇਟਰ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

07/22/2019 10:08:47 AM

ਗੁਰੂਹਰਸਹਾਏ (ਆਵਲਾ, ਕੁਮਾਰ) - ਸੁਖਬੀਰ ਐਗਰੋ ਐਨਰਜੀ ਲਿਮ. ਦੇ ਚੇਅਰਮੈਨ ਸਵ. ਡਾਕਟਰ ਹਰਭਜਨ ਸਿੰਘ ਆਵਲਾ ਦੀ ਯਾਦ 'ਚ ਡਾਕਟਰ ਐੱਚ. ਐੱਸ. ਆਵਲਾ ਫਾਊਂਡੇਸ਼ਨ ਵਲੋਂ ਲੋਕਾਂ ਦੀ ਮਦਦ ਲਈ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਵੈਂਟੀਲੇਟਰ ਐਂਬੂਲੈਂਸ ਦਿੱਤੀ ਗਈ। ਬਾਬਾ ਦੂਧਾਧਾਰੀ ਜੀ ਮੰਦਰ ਗੁਰੂਹਰਸਹਾਏ ਤੋਂ ਹਿੰਦ ਸਮਾਚਾਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਇਸ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਹਿੰਦ ਸਮਾਚਾਰ ਸਮੂਹ ਵਲੋਂ ਆਰੁਸ਼ ਚੋਪੜਾ ਜੀ, ਡਿਪਟੀ ਕਮਿਸ਼ਨਰ ਚੰਦਰ ਗੈਂਦ, ਮਾਹਿਰ ਡਾਕਟਰ ਕਮਲ ਬਾਗੀ, ਅਨਿਰੁਧ ਗੁਪਤਾ, ਅਭਿਸ਼ੇਕ ਅਰੋੜਾ ਅਤੇ ਆਵਲਾ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਸਨ। ਡਾ. ਹਰਭਜਨ ਸਿੰਘ ਆਵਲਾ ਦੇ ਪੁੱਤਰ ਜਸਬੀਰ ਸਿੰਘ ਆਵਲਾ, ਸੁਖਬੀਰ ਸਿੰਘ ਆਵਲਾ ਤੇ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਜ਼ਰੂਰਤ ਪੈਣ 'ਤੇ ਕੋਈ ਵੀ ਮਰੀਜ਼ ਇਹ ਐਂਬੂਲੈਂਸ ਲੈ ਸਕਦਾ ਹੈ ਅਤੇ ਇਹ ਐਂਬੂਲੈਂਸ ਗੁਰੂਹਰਸਹਾਏ 'ਚ ਉਪਲੱਬਧ ਹੋਵੇਗੀ। ਇਸ ਐਂਬੂਲੈਂਸ ਵਿਚ ਮਰੀਜ਼ ਨੂੰ ਲਿਜਾਣ 'ਤੇ ਡੀਜ਼ਲ ਆਦਿ ਦਾ ਜਿੰਨਾ ਵੀ ਖਰਚਾ ਹੋਵੇਗਾ, ਉਹ ਡਾਕਟਰ ਐੱਚ. ਐੱਸ. ਆਵਲਾ ਫਾਊਂਡੇਸ਼ਨ ਕਰੇਗੀ। 

ਇਸ ਮੌਕੇ ਰਵੀ ਕੁਮਾਰ, ਡਾ. ਕਮਲ ਬਾਗੀ, ਅਨਿਰੁਧ ਗੁਪਤਾ ਆਦਿ ਨੇ ਡਾਕਟਰ ਹਰਭਜਨ ਆਵਲਾ ਦੇ ਜੀਵਨ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਉਹ ਸੱਚੇ, ਨਿਡਰ, ਸੱਚਾਈ 'ਤੇ ਚੱਲਣ ਵਾਲੇ, ਗਰੀਬ, ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਵਾਲੇ ਦਿਆਲੂ ਇਨਸਾਨ ਸਨ, ਜਿਨ੍ਹਾਂ 'ਤੇ ਲੋਕ ਮਾਣ ਮਹਿਸੂਸ ਕਰਦੇ ਸਨ। ਉਨ੍ਹਾਂ ਕਿਹਾ ਕਿ ਡਾਕਟਰ ਹਰਭਜਨ ਸਿੰਘ ਆਵਲਾ ਜੀ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲ ਕੇ ਉਨ੍ਹਾਂ ਦੇ ਪੁੱਤਰ ਜਸਬੀਰ ਸਿੰਘ ਆਵਲਾ, ਸੁਖਬੀਰ ਸਿੰਘ ਆਵਲਾ ਅਤੇ ਰਮਿੰਦਰ ਸਿੰਘ ਆਵਲਾ ਮਨੁੱਖਤਾ ਦੀ ਭਲਾਈ ਦੇ ਕੰਮ ਕਰ ਰਹੇ ਹਨ ਅਤੇ ਸਾਰੇ ਹਸਪਤਾਲਾਂ ਵਿਚ ਲੋਕਾਂ ਨੂੰ 2 ਵਕਤ ਦਾ ਲੰਗਰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਵਲਾ ਪਰਿਵਾਰ ਵਲੋਂ ਧਾਰਮਕ ਕੰਮ, ਗਊਆਂ ਦੀ ਸੰਭਾਲ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ 'ਤੇ ਵਿਸਥਾਰਪੂਰਵਕ ਰੌਸ਼ਨੀ ਪਾਈ ਅਤੇ ਕਿਹਾ ਕਿ ਲੋਕ ਐਂਬੂਲੈਂਸ ਲੈਣ ਲਈ ਟੈਲੀਫੋਨ ਨੰ. 99149-88000 'ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਵਿਜੇ ਚੋਪੜਾ ਜੀ ਨੇ ਆਵਲਾ ਪਰਿਵਾਰ ਵਲੋਂ ਕੀਤੇ ਜਾ ਰਹੇ ਮਨੁੱਖਤਾ ਦੇ ਭਲੇ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਐਂਬੂਲੈਂਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੰਮ ਆਵੇਗੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਹਰ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦੀਪਕ ਆਵਲਾ, ਡਾ. ਹਰਪ੍ਰੀਤ ਸਿੰਘ, ਡਾ. ਪਾਲ ਸਹਿਗਲ, ਨਿੱਕਾ ਆਵਲਾ, ਡਾ. ਪ੍ਰਵੀਨ ਢੀਂਗਰਾ, ਬਿੱਟੂ ਸੋਨੀ ਆਦਿ ਮੌਜੂਦ ਸਨ।

35 ਲੱਖ ਦੀ ਇਸ ਐਂਬੂਲੈਂਸ 'ਚ ਹਨ ਵੈਂਟੀਲੇਟਰ ਸਮੇਤ ਸਾਰੀਆਂ ਸਹੂਲਤਾਂ
ਆਧੁਨਿਕ ਸਹੂਲਤਾਂ ਨਾਲ ਲੈਸ ਇਸ ਐਂਬੂਲੈਂਸ ਦੀ ਕੀਮਤ 35 ਲੱਖ ਰੁਪਏ ਹੈ ਅਤੇ ਇਸ ਵਿਚ ਵੈਂਟੀਲੇਟਰ, ਈ. ਸੀ. ਜੀ., ਆਕਸੀਜਨ, ਕਾਡੀਅਕ-ਡੀ-ਸਿਫਰੀਲੇਟੋਰ ਅਤੇ ਹੋਰ ਸਭ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਦੀ ਵਿਵਸਥਾ ਹੈ। ਜਾਣਕਾਰੀ ਅਨੁਸਾਰ ਚਿੰਤਾਜਨਕ ਹਾਲਤ ਵਿਚ ਬੀਮਾਰ ਮਰੀਜ਼ ਨੂੰ ਹਸਪਤਾਲ ਤੱਕ ਸੁਰੱਖਿਅਤ ਪਹੁੰਚਾਉਣ ਵਿਚ ਇਹ ਐਂਬੂਲੈਂਸ ਅਹਿਮ ਭੂਮਿਕਾ ਨਿਭਾਏਗੀ ਅਤੇ ਕਈ ਕੀਮਤੀ ਜਾਨਾਂ ਬਚ ਜਾਣਗੀਆਂ।

rajwinder kaur

This news is Content Editor rajwinder kaur