ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

10/14/2019 6:37:55 PM

ਨਾਭਾ, (ਪੁਰੀ): ਸ਼ਹਿਰ 'ਚ ਇਕ ਘਰ ਦੀ ਛੱਤ ਡਿੱਗ ਜਾਣ ਕਾਰਨ ਮਾਂ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਸਥਾਨਕ ਐਲ. ਬੀ. ਐਮ. ਕਾਲਜ ਨੇੜੇ ਸਥਿਤ ਬਾਂਸਾਂ ਵਾਲੀ ਗਲੀ 'ਚ ਇਕ ਘਰ ਸੀ, ਜਿਸ ਦੀ ਛੱਤ ਪੁਰਾਣੀ ਹੋਣ ਕਾਰਨ ਅਚਾਨਕ ਡਿੱਗ ਗਈ, ਜਿਸ ਕਾਰਨ ਘਰ 'ਚ ਮੌਜੂਦ ਮਾਂ-ਪੁੱਤ ਦੀ ਮੌਤ ਹੋ ਗਈ। ਘਰ ਦੀ ਛੱਤ ਪੁਰਾਣੇ ਬਾਲਿਆਂ ਤੇ ਗਾਡਰਾਂ ਵਾਲੀ ਸੀ, ਜੋ ਅੱਜ ਸ਼ਾਮ ਅਚਾਨਕ ਡਿੱਗ ਗਈ, ਜਿਸ ਕਾਰਨ 30 ਸਾਲਾ ਔਰਤ ਦੀਖਸ਼ਾ ਪਤਨੀ ਅਨਿਲ ਕੁਮਾਰ ਤੇ ਉਸ ਦੇ 6 ਸਾਲਾ ਪੁੱਤਰ ਪਾਰਸ ਦੀ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ । ਸੂਚਨਾ ਮਿਲਣ 'ਤੇ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੂਰੁ ਕਰ ਦਿੱਤੀ ਹੈ। ਉਧਰ ਵਾਰਡ ਦੇ ਐਮ. ਸੀ. ਹਰੀ ਕਿਸ਼ਨ ਸੇਠ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਭਾ ਨੇ ਇਸ ਘਟਨਾ ਨੂੰ ਅਤਿ ਮੰਦਭਾਗਾ ਕਿਹਾ ਹੈ।