ਗਰੀਬੀ ਅੱਗੇ ਹਾਰੀ ਮਮਤਾ, ਮਾਂ ਨੇ ਵੇਚ ਦਿੱਤੀ 4 ਮਹੀਨਿਆਂ ਦੀ ਮਾਸੂਮ ਧੀ

09/30/2020 9:26:27 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੋਰੋਨਾ ਵਾਇਰਸ ਕਾਰਣ ਲਾਗੂ ਹੋਈ ਤਾਲਾਬੰਦੀ ਤੋਂ ਬਾਅਦ ਗਰੀਬ ਪਰਿਵਾਰਾਂ ’ਤੇ ਆਰਥਿਕ ਤੰਗੀ ਦੇ ਸੰਕਟ ਛਾਏ ਹੋਏ ਹਨ ਅਤੇ ਹਾਲਾਤ ਇੱਥੋਂ ਤੱਕ ਹੋ ਗਏ ਹਨ ਕਿ ਇਕ ਮਾਂ ਨੇ ਆਪਣੀ 4 ਮਹੀਨਿਆਂ ਦੀ ਧੀ ਸਿਰਫ ਚਾਰ ਹਜ਼ਾਰ ਰੁਪਏ ’ਚ ਹੀ ਕਿਸੇ ਨੂੰ ਗੋਦ ਦੇ ਕੇ ਵੇਚ ਦਿੱਤੀ, ਜਿਸ ਦਾ ਖ਼ੁਲਾਸਾ ਮੌਕੇ ’ਤੇ ਹੀ ਕੁਝ ਪਤਵੰਤੇ ਸੱਜਣਾਂ ਨੇ ਕਰ ਦਿੱਤਾ ਅਤੇ ਮਾਮਲਾ ਮਾਛੀਵਾੜਾ ਥਾਣਾ ਵਿਖੇ ਪੁੱਜ ਗਿਆ।

ਇਹ ਵੀ ਪੜ੍ਹੋ : 'ਸਿੱਧੂ' ਦਾ ਭਾਜਪਾ 'ਚ ਸ਼ਾਮਲ ਹੋਣ ਦਾ ਰਸਤਾ ਸਾਫ਼, ਵੱਧ ਸਕਦੀਆਂ ਨੇ 'ਮਜੀਠੀਆਂ' ਦੀ ਮੁਸ਼ਕਲਾਂ

ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜਲੇ ਪਿੰਡ ’ਚ ਪਰਵਾਸੀ ਮਜ਼ਦੂਰ ਝੁੱਗੀਆਂ ਬਣਾ ਕੇ ਰਹਿੰਦੇ ਹਨ, ਜਿੱਥੇ ਗਰੀਬ ਪਰਿਵਾਰ ਦੇ ਘਰ ਤੀਜਾ ਬੱਚਾ ਕੁੜੀ ਪੈਦਾ ਹੋਈ। ਬੱਚੀ ਦੀ ਮਾਂ ਨੇ ਦੱਸਿਆ ਕਿ ਘਰ 'ਚ ਪਹਿਲਾਂ ਹੀ ਗਰੀਬੀ ਅਤੇ ਪੈਸੇ ਦੀ ਘਾਟ ਚੱਲ ਰਹੀ ਹੈ ਅਤੇ ਉੱਪਰੋਂ ਤੀਜਾ ਬੱਚਾ ਹੋਣ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਬਹੁਤ ਔਖਾ ਹੋ ਗਿਆ ਸੀ। ਪਿੰਡ ਦੀ ਹੀ ਇਕ ਜਨਾਨੀ ਨੇ ਉਸ ਦੀ ਨਵਜੰਮੀ 4 ਮਹੀਨੇ ਦੀ ਧੀ ਇਕ ਪਰਿਵਾਰ ਨੂੰ ਗੋਦ ਦੇਣ ਲਈ ਰਜ਼ਾਮੰਦ ਕਰ ਲਿਆ, ਜਿਸ ਬਦਲੇ ਕੁੱਝ ਪੈਸੇ ਵੀ ਦੇਣੇ ਸਨ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਬਾਹਰ ਹੀ ਮਾਂ ਆਪਣੀ 4 ਮਹੀਨੇ ਦੀ ਧੀ ਨੂੰ ਲੈ ਕੇ ਆ ਗਈ ਅਤੇ ਉੱਥੇ ਹੀ ਇਸ ਕੁੜੀ ਨੂੰ ਗੋਦ ਲੈਣ ਵਾਲਾ ਪਰਿਵਾਰ ਵੀ ਪਹੁੰਚ ਗਿਆ।

ਇਹ ਵੀ ਪੜ੍ਹੋ : 'ਸਿੱਧੂ' ਵੱਲੋਂ ਵੱਖਰੇ ਸਿਆਸੀ ਰਾਹ 'ਤੇ ਚੱਲਣ ਦੇ ਸੰਕੇਤ, ਹਰੀਸ਼ ਰਾਵਤ ਤੋਂ ਬਣਾਈ ਦੂਰੀ

ਧੀ ਨੂੰ ਗੋਦ ਦੇਣ ਤੋਂ ਪਹਿਲਾਂ ਮਾਂ ਨੇ ਬਹੁਤ ਰੀਝਾਂ ਨਾਲ ਆਪਣੀ ਛਾਤੀ ਨਾਲ ਲਗਾ ਕੇ ਬੱਚੀ ਨੂੰ ਦੁੱਧ ਪਿਲਾਇਆ ਅਤੇ ਫਿਰ ਗੋਦ ਲੈਣ ਵਾਲੇ ਪਰਿਵਾਰ ਦੀ ਝੋਲੀ 'ਚ ਉਸ ਨੂੰ ਪਾ ਦਿੱਤਾ, ਜਿਸ ਬਦਲੇ ਸਿਰਫ 4 ਹਜ਼ਾਰ ਰੁਪਏ ਦਿੱਤੇ ਗਏ। ਗੁਰਦੁਆਰਾ ਚਰਨ ਕੰਵਲ ਸਾਹਿਬ ਨੇੜੇ ਗਰੀਬ ਪਰਿਵਾਰ ਵੱਲੋਂ ਇਹ ਬੱਚਾ ਵੇਚਣ ਦਾ ਮਾਮਲਾ ਉੱਥੇ ਮੌਜੂਦ ਸਮਾਜ ਸੇਵੀ ਕਾਮਰੇਡ ਜਗਦੀਸ਼ ਰਾਏ ਬੌਬੀ ਤੇ ਹੋਰ ਪਤਵੰਤੇ ਸੱਜਣਾਂ ਨੇ ਦੇਖਿਆ, ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਗੋਦ ਲੈਣ ਵਾਲਾ ਪਰਿਵਾਰ ਨਵਜੰਮੀ ਬੱਚੀ ਨੂੰ ਲੈ ਕੇ ਚਲਾ ਗਿਆ ਸੀ।

ਇਹ ਵੀ ਪੜ੍ਹੋ : 'ਪੰਜਾਬ ਭਾਜਪਾ' ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ 8 ਮੈਂਬਰੀ ਕਮੇਟੀ ਗਠਿਤ

ਸੂਚਨਾ ਮਿਲਦੇ ਹੀ ਮਾਛੀਵਾੜਾ ਪੁਲਸ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਇਹ ਸੌਦਾ ਕਰਵਾਉਣ ਵਾਲੀ ਜਨਾਨੀ ਅਤੇ ਗੋਦ ਦੇਣ ਵਾਲੀ ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਬੱਚਾ ਉਸ ਨੇ ਆਪਣੀ ਰਜ਼ਾਮੰਦੀ ਨਾਲ ਦਿੱਤਾ ਹੈ ਕਿਉਂਕਿ ਘਰ ’ਚ ਗਰੀਬੀ ਹੋਣ ਕਾਰਣ ਉਹ ਤੇ ਉਸ ਦਾ ਪਤੀ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮਰੱਥ ਹੋ ਗਏ ਸਨ। ਪੁਲਸ ਵਲੋਂ ਫਿਲਹਾਲ ਕੁੜੀ ਨੂੰ ਗੋਦ ਲੈਣ ਵਾਲੇ ਪਰਿਵਾਰ ਤੇ ਬੱਚੀ ਦੀ ਮਾਂ ਸਮੇਤ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ, ਜਿਸ ਦੀ ਜਾਂਚ ਤੋਂ ਬਾਅਦ ਹੀ ਅਸਲ ਖ਼ੁਲਾਸਾ ਹੋਵੇਗਾ ਕਿ ਇਹ ਕੁੜੀ ਗਰੀਬੀ ਕਾਰਣ ਕਿੰਨੇ ਪੈਸਿਆਂ ’ਚ ਵੇਚੀ ਗਈ।

 

Babita

This news is Content Editor Babita