ਕਲਯੁਗੀ ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ, ਤਸੱਲੀ ਨਾ ਹੋਣ ''ਤੇ ਦੀਵਾਨ ''ਚ ਪਈ ਲਾਸ਼ ''ਤੇ ਚਲਾਉਂਦਾ ਰਿਹਾ ਬਲੇਡ

10/16/2017 9:02:50 AM

ਲੁਧਿਆਣਾ (ਪੰਕਜ)-ਆਪ ਅਪਾਹਜ ਹੋਣ ਦੇ ਬਾਵਜੂਦ ਆਪਣੇ ਨਿਕੰਮੇ ਅਤੇ ਕੰਮਚੋਰ ਪੁੱਤ ਦੀ ਸੇਵਾ ਕਰਨ ਵਾਲੀ ਬਜ਼ੁਰਗ ਮਾਂ ਨੂੰ ਉਸ ਕਲਯੁਗੀ ਪੁੱਤ ਨੂੰ ਕੰਮ ਧੰਦਾ ਕਰਨ ਬਾਰੇ ਕਹਿਣਾ ਇੰਨਾ ਮਹਿੰਗਾ ਪਿਆ ਕਿ ਗੁੱਸੇ 'ਚ ਆਏ ਪੁੱਤ ਨੇ ਆਰੀ ਦੇ ਬਲੇਡ ਨਾਲ ਮਾਂ ਦੀ ਧੌਣ ਹੀ ਵੱਢ ਸੁੱਟੀ ਤੇ ਖੂਨ ਨਾਲ ਲਥਪਥ ਲਾਸ਼ ਨੂੰ ਦੀਵਾਨ ਬੈੱਡ 'ਚ ਲੁਕੋ ਦਿੱਤਾ। ਫਿਰ ਵੀ ਇਹ ਸੋਚ ਕੇ ਕਿ ਮਾਂ ਕਿਤੇ ਮੁੜ ਨਾ ਉੱਠ ਜਾਵੇ, ਦੀਵਾਨ ਵਿਚ ਪਈ ਲਾਸ਼ 'ਤੇ ਹੀ ਬਲੇਡ ਚਲਾਉਂਦਾ ਰਿਹਾ। ਕਤਲ ਕਰਨ ਤੋਂ 6 ਘੰਟਿਆਂ ਬਾਅਦ ਮੁਲਜ਼ਮ ਨੇ ਆਪਣੇ ਭਰਾ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਾਤਲ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਚਿਮਨੀ ਰੋਡ ਦੀ ਗਲੀ ਨੰਬਰ 1 'ਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਪ੍ਰੇਮ ਨਾਥ ਉਮਰ 65 ਸਾਲ ਰੇਲਵੇ ਤੋਂ ਰਿਟਾਇਰਡ ਕਰਮਚਾਰੀ ਹੈ। ਉਸ ਨਾਲ ਉਸ ਦੀ ਪਤਨੀ ਰਾਜ ਰਾਣੀ ਉਮਰ 50 ਸਾਲ, ਬੇਟਾ ਚੰਦਰ ਪ੍ਰਕਾਸ਼ ਉਮਰ 32 ਸਾਲ ਜੋ ਕਿ ਏ.ਸੀ. ਮਾਰਕੀਟ ਵਿਚ ਰੈਡੀਮੇਡ ਦਾ ਕੰਮ ਕਰਦਾ ਹੈ ਤੇ ਛੋਟਾ ਬੇਟਾ ਮੁਨੀਸ਼ ਕੁਮਾਰ ਉਮਰ 25 ਸਾਲ ਰਹਿੰਦੇ ਸਨ। ਮੁਨੀਸ਼ ਨੇ ਕੁਝ ਸਮਾਂ ਬੀਮਾਰ ਰਹਿਣ ਤੋਂ ਬਾਅਦ ਘਰੋਂ ਨਿਕਲਣਾ ਬੰਦ ਕਰ ਦਿੱਤਾ। ਸਾਰਾ ਦਿਨ ਕਮਰੇ 'ਚ ਟੀ.ਵੀ. ਦੇਖਦੇ ਰਹਿਣਾ ਅਤੇ ਕੋਈ ਕੰਮ-ਧੰਦਾ ਨਾ ਕਰਨ ਕਾਰਨ ਉਸ ਦੀ ਮਾਂ ਦੇ ਨਾਲ ਆਏ ਦਿਨ ਤਕਰਾਰ ਹੁੰਦੀ ਰਹਿੰਦੀ ਸੀ। ਮਾਂ ਰਾਜ ਰਾਣੀ ਆਮ ਕਰਕੇ ਉਸ ਨੂੰ ਘਰੋਂ ਕੱਢਣ ਅਤੇ ਕੰਮ ਧੰਦਾ ਕਰਨ ਲਈ ਕਹਿੰਦੀ ਸੀ ਜੋ ਕਿ ਮੁਨੀਸ਼ ਨੂੰ ਅਖਰਦਾ ਸੀ।
ਸ਼ਨੀਵਾਰ ਨੂੰ ਵੀ ਰਾਜ ਰਾਣੀ ਨੇ ਮੁਨੀਸ਼ ਨੂੰ ਡਾਂਟਦੇ ਹੋਏ ਘਰ ਵਿਚ  ਵਿਹਲਾ ਬੈਠਣ ਦੀ ਬਜਾਏ ਨੌਕਰੀ ਕਰਨ ਲਈ ਕਿਹਾ ਤਾਂ ਦੋਵਾਂ 'ਚ ਉਸ ਸਮੇਂ ਤਕਰਾਰ ਹੋ ਗਈ ਜਦੋਂ ਦੁਪਹਿਰ 3 ਵਜੇ ਦੇ ਕਰੀਬ ਘਰ 'ਚ ਉਹ ਦੋਵੇਂ ਸਨ। ਇਕ ਵਾਰ ਫਿਰ ਮਾਂ ਨਾਲ ਹੋਈ ਬਹਿਸ ਤੋਂ ਬਾਅਦ ਇਨਸਾਨ ਤੋਂ ਰਾਖਸ਼ਸ ਬਣੇ ਮੁਨੀਸ਼ ਨੇ ਰਾਜ ਰਾਣੀ ਨਾਲ ਮਾਰਕੁੱਟ ਕਰਦੇ ਹੋਏ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ ਘਰ 'ਚ ਪਏ ਆਰੀ ਵਾਲੇ ਬਲੇਡ ਨਾਲ ਉਸ ਦੀ ਧੌਣ ਵੱਖ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਖੂਨ ਨਾਲ ਲਥਪਥ ਲਾਸ਼ ਨੂੰ ਦੀਵਾਨ ਬੈੱਡ ਵਿਚ ਲੁਕੋ ਦਿੱਤਾ।
ਇੰਨੇ ਨਾਲ ਵੀ ਉਸ ਦਾ ਗੁੱਸਾ ਠੰਡਾ ਨਾ ਹੋਇਆ ਤਾਂ ਉਸ ਨੇ ਇਕ ਵਾਰ ਫਿਰ ਦੀਵਾਨ ਬੈੱਡ 'ਚ ਪਈ ਲਾਸ਼ 'ਤੇ ਬਲੇਡ ਚਲਾ ਕੇ ਇਸ ਗੱਲ ਦੀ ਤਸੱਲੀ ਕੀਤੀ ਕਿ ਕਿਤੇ ਉਹ ਜਿਊਂਦੀ ਨਾ ਹੋਵੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਨੀਸ਼ 6 ਘੰਟਿਆਂ ਤੱਕ ਦੀਵਾਨ ਬੈੱਡ 'ਤੇ ਬੈਠਾ ਟੀ.ਵੀ. ਦੇਖਦਾ ਰਿਹਾ ਤੇ ਫਿਰ ਆਪਣੇ ਵੱਡੇ ਭਰਾ ਚੰਦਰ ਪ੍ਰਕਾਸ਼ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਛੋਟੇ ਭਰਾ ਦੇ ਮੂੰਹੋਂ ਮਾਂ ਦਾ ਕਤਲ ਕਰਨ ਦਾ ਕਬੂਲਨਾਮਾ ਸੁਣ ਕੇ ਚੰਦਰ ਪ੍ਰਕਾਸ਼ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਸ ਨੇ ਤੁਰੰਤ ਘਰ ਪੁੱਜ ਕੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ 'ਤੇ ਥਾਣਾ ਮੁਖੀ ਮੁਹੰਮਦ ਜ਼ਮੀਲ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਲਾਸ਼ ਨੂੰ ਦੀਵਾਨ ਤੋਂ ਬਾਹਰ ਕੱਢਿਆ। ਪੁਲਸ ਦੇ ਆਉਣ ਤੋਂ ਪਹਿਲਾਂ ਘਰੋਂ ਭੱਜੇ ਮੁਨੀਸ਼ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਕੇ ਕਤਲ 'ਚ ਵਰਤਿਆ ਬਲੇਡ ਵੀ ਬਰਾਮਦ ਕੀਤਾ ਗਿਆ। ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਓਧਰ ਪੁੱਤ ਵੱਲੋਂ ਮਾਂ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਪਿਤਾ ਪ੍ਰੇਮ ਨਾਥ ਅਤੇ ਭਰਾ ਚੰਦਰ ਪ੍ਰਕਾਸ਼ ਦੀ ਹਾਲਤ ਵੀ ਖਰਾਬ ਹੈ।