ਦਿਓਰ ਤੋਂ ਤੰਗ ਵਿਧਵਾ ਨੇ ਮਾਂ ਸਮੇਤ ਖੁਦ ਨੂੰ ਲਗਾਈ ਅੱਗ, ਮਾਂ ਦੀ ਮੌਤ

08/05/2019 10:17:57 PM

ਮੀਆਵਿੰਡ ( ਗਿੱਲ,ਕੰਡਾ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਬਦੇਸ਼ਾ ਦੀ ਵਸਨੀਕ ਔਰਤ ਵਲੋ ਦਿਓਰ ਤੋਂ ਤੰਗ ਆ ਕੇ ਆਪਣੀ ਮਾਂ ਸਮੇਤ ਅੱਗ ਲਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪੀੜਤ ਔਰਤ ਸੁਖਵਿੰਦਰ ਕੌਰ ਪਤਨੀ ਮੁਖਤਾਰ ਸਿੰਘ ਬੁਰੀ ਤਰ੍ਹਾਂ ਝੁਲਸ ਗਈ ਅਤੇ ਸੁਖਵਿੰਦਰ ਕੌਰ ਦੀ ਮਾਂ ਦੀ ਮੌਤ ਹੋ ਗਈ । ਮੌਕੇ ਤੇ ਪਹੁੰਚੀ ਥਾਣਾ ਵੈਰੋਵਾਲ ਦੀ fਪੁਲਸ ਵੱਲੋ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੁਰੀ ਤਰ੍ਹਾਂ ਝੁਲਸੀ ਸੁਖਵਿੰਦਰ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤ ਸੁਖਵਿੰਦਰ ਕੌਰ ਦੇ ਪਤੀ ਦੀ ਮੌਤ ਤੋਂ ਬਾਅਦ ਜ਼ਮੀਨੀ ਵਿਵਾਦ ਨੂੰ ਲੈ ਕੇ ਸੁਖਵਿੰਦਰ ਕੌਰ ਦਾ ਦਿਓਰ ਭਗਵੰਤ ਸਿੰਘ ਸੁਖਵਿੰਦਰ ਕੌਰ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਜਿਸ ਦੇ ਚੱਲਦਿਆਂ ਪਿਛਲੇ ਦਿਨੀਂ ਸੁਖਵਿੰਦਰ ਕੌਰ ਦੇ ਘਰ ਦੀ ਬਿਜਲੀ ਤੱਕ ਕਟਵਾ ਦਿੱਤੀ ਗਈ ਅਤੇ ਉਸ ਦੇ ਘਰ ਨੂੰ ਜਾਣ ਵਾਲਾ ਪੱਕੀਆਂ ਇੱਟਾ ਦਾ ਪੰਚਾਇਤੀ ਰਸਤਾ ਤੱਕ ਵਾਹ ਦਿੱਤਾ ਗਿਆ । ਜਿਸ ਦਾ ਮੌਕਾ ਸਬੰਧਤ ਅਧਿਕਾਰੀਆ ਵੱਲੋ ਦੇਖ ਕੇ ਰਿਪੋਰਟ ਵੀ ਤਿਆਰ ਕੀਤੀ ਗਈ ਹੈ ।

ਦਿਉਰ ਵੱਲੋ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਤੋਂ ਅਸਮਰੱਥ ਦੁੱਖੀ ਹੋਈ ਸੁਖਵਿੰਦਰ ਕੌਰ ਨੇ ਨਾਲ ਰਹਿ ਰਹੀ ਬਜ਼ੁਰਗ ਮਾਂ ਮਹਿੰਦਰ ਕੌਰ ਸਮੇਤ ਖੁਦ ਨੂੰ ਅੱਗ ਲੱਗਾ ਲਈ ਜਿਸ 'ਚ ਮਹਿੰਦਰ ਕੌਰ ਦੀ ਮੌਤ ਹੋ ਗਈ ਅਤੇ ਸੁਖਵਿੰਦਰ ਕੌਰ ਬੁਰੀ ਤਰ੍ਹਾਂ ਝੁਲਸ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪਹੁੰਚੀ ਥਾਣਾ ਵੈਰੋਵਾਲ ਦੀ ਪੁਲੀਸ ਵੱਲੋ ਪੀੜਤਾਂ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।ਇਸ ਮੌਕੇ ਐੱਸ.ਐਚ.ਓ. ਸਮਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਖਵਿੰਦਰ ਕੌਰ ਦਾ ਝਗੜਾ ਜ਼ਰੂਰ ਚੱਲ ਰਿਹਾ ਸੀ ।ਪਰ ਇਹ ਮਾਮਲਾ ਕੁੱਝ ਸ਼ੱਕੀ ਲੱਗ ਰਿਹਾ ਹੈ ਜਿਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਮਾਮਲੇ ਦੇ ਪੀੜਤਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜੋ ਗੱਲ ਸਾਹਮਣੇ ਆਵੇਗੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Karan Kumar

This news is Content Editor Karan Kumar