ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ, ਮਾਪਿਆਂ ਨੇ ਹਸਪਤਾਲ ਸਟਾਫ਼ ''ਤੇ ਲਾਏ ਲਾਪਰਵਾਹੀ ਦੇ ਦੋਸ਼

04/07/2022 11:46:41 AM

ਕਾਠਗੜ੍ਹ (ਰਾਜੇਸ਼ ਸ਼ਰਮਾ)- ਇਥੋਂ ਦੇ ਪਿੰਡ ਸੁੱਧਾ ਮਾਜਰਾ ਦੀ ਵਸਨੀਕ ਇਕ ਔਰਤ ਦੀ ਡਿਲਿਵਰੀ ਤੋਂ ਬਾਅਦ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਬੱਚੇ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰ ਵੱਲੋਂ ਇਸ ਲਾਪਰਵਾਹੀ ਲਈ ਹਸਪਤਾਲ ਸਟਾਫ਼ ਨੂੰ ਦੋਸ਼ੀ ਠਹਿਰਾਉਂਦੇ ਹੋਏ ਰੋਸ ਵੀ ਪ੍ਰਗਟਾਇਆ ਗਿਆ। ਪਿੰਡ ਸੁੱਧਾ ਮਾਜਰਾ ਦੇ ਵਸਨੀਕ ਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਲਖਵਿੰਦਰ ਕੌਰ (24) ਪਤਨੀ ਨਰਿੰਦਰ ਸਿੰਘ ਗਰਭਵਤੀ ਸੀ। ਉਸ ਦਾ ਚੈੱਕਅਪ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਚੱਲ ਰਿਹਾ ਸੀ। ਡਾਕਟਰਾਂ ਨੇ ਉਸ ਨੂੰ ਡਿਲਿਵਰੀ ਲਈ 17 ਮਾਰਚ ਦਾ ਸਮਾਂ ਦਿੱਤਾ ਸੀ ਪਰ ਸਮੇਂ-ਸਮੇਂ ’ਤੇ ਚੈੱਕਅਪ ਦੌਰਾਨ ਡਿਲਿਵਰੀ ਦਾ ਸਮਾਂ ਅੱਗੇ ਪਾਇਆ ਜਾਂਦਾ ਰਿਹਾ।

ਬੀਤੀ ਰਾਤ ਜਦੋਂ ਔਰਤ ਦੇ ਦਰਦਾਂ ਜ਼ਿਆਦਾ ਹੋਣ ਲੱਗੀਆਂ ਤਾਂ ਪਰਿਵਾਰ ਵਾਲੇ ਉਸ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਅਤੇ ਸਟਾਫ਼ ਨੇ ਡਿਲਿਵਰੀ ਤਾਂ ਕਰਵਾ ਦਿੱਤੀ ਪਰ ਬੱਚੇ ਦੀ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਵਾਲੇ ਡਾਕਟਰਾਂ ਦੇ ਕਹਿਣ ’ਤੇ ਉਸ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਪੀ. ਜੀ. ਆਈ. ਚੰਡੀਗੜ੍ਹ ਲੈ ਗਏ, ਜਿੱਥੇ ਬੱਚਾ ਵੈਂਟੀਲੇਟਰ ’ਤੇ ਹੈ। ਡਿਲਿਵਰੀ ਤੋਂ ਕੁਝ ਦੇਰ ਬਾਅਦ ਹੀ ਔਰਤ ਦੀ ਧੜਕਣ ਤੇਜ਼ ਹੋ ਗਈ ਅਤੇ ਉਸ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਲੱਗ ਪਈ। ਹਸਪਤਾਲ ਸਟਾਫ਼ ਦੇ ਕਹਿਣ ’ਤੇ ਪਰਿਵਾਰ ਵਾਲੇ ਜੱਚਾ ਨੂੰ ਬਲਾਚੌਰ ਦੇ ਨਿੱਜੀ ਹਸਪਤਾਲਾਂ ਵਿਚ ਲੈ ਕੇ ਗਏ ਪਰ ਉਨ੍ਹਾਂ ਨੇ ਕੇਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਸਟਾਫ਼ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਜਾਣ ਲਈ ਕਹਿ ਦਿੱਤਾ। 

ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਪਰਿਵਾਰ ਨੇ ਹਸਪਤਾਲ ਵਿਚ ਮੌਜੂਦ ਐਂਬੂਲੈਂਸ ਦੀ ਮੰਗ ਕੀਤੀ ਤਾਂ ਸਟਾਫ਼ ਨੇ ਡਰਾਈਵਰ ਨਾ ਹੋਣ ਦੀ ਗੱਲ ਕਰਦਿਆਂ ਨਿੱਜੀ ਵਾਹਨ ਲਈ ਕਿਹਾ ਅਤੇ ਜਦੋਂ ਉਹ ਨਿੱਜੀ ਵਾਹਨ ਕਰਕੇ ਪੀੜਤ ਔਰਤ ਨੂੰ ਲੈ ਕੇ ਜਾ ਰਹੇ ਸਨ ਤਾਂ ਆਕਸੀਜਨ ਦੀ ਘਾਟ ਕਾਰਨ ਔਰਤ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਔਰਤ ਦੀ ਮੌਤ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਬਲਾਚੌਰ ਹਸਪਤਾਲ ਦੇ ਸਟਾਫ਼ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ।

ਕੀ ਕਹਿਣਾ ਹੈ ਐੱਸ. ਐੱਮ. ਓ. ਬਲਾਚੌਰ ਦਾ
ਉਕਤ ਮਾਮਲੇ ਨੂੰ ਲੈ ਕੇ ਜਦੋਂ ਬਲਾਚੌਰ ਦੇ ਐੱਸ. ਐੱਮ. ਓ. ਡਾ. ਕੁਲਵਿੰਦਰ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰਭਵਤੀ ਔਰਤ ਦੀ ਅਚਾਨਕ ਤਬੀਅਤ ਵਿਗੜ ਗਈ ਸੀ, ਜਿਸ ਕਰਕੇ ਉਸ ਨੂੰ ਰੈਫ਼ਰ ਕਰਨਾ ਜ਼ਰੂਰੀ ਹੋ ਗਿਆ ਸੀ। ਐਂਬੂਲੈਂਸ ਮੁਹੱਈਆ ਨਾ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਜੋ ਡਰਾਈਵਰ ਹੈ ਉਹ ਆਊਟਸੋਰਸ ’ਤੇ ਰੱਖਿਆ ਹੋਇਆ ਹੈ ਅਤੇ ਉਹ ਦਿਨ ਸਮੇਂ ਹੀ ਡਿਊਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੰਤੁਸ਼ਟ ਕਰ ਦਿੱਤਾ ਗਿਆ ਹੈ ਅਤੇ ਔਰਤ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ’ਚ ਹੋਇਆ ਵਾਧਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri