ਪਟਿਆਲਾ ਦੀ ਮਨਪ੍ਰੀਤ ਕੌਰ ਦੀ ਮਿਹਨਤ ਨੂੰ ਸਲਾਮ, ਮਾਂ-ਧੀ ਨੇ ਇਕੱਠਿਆਂ ਪਾਸ ਕੀਤੀ 12ਵੀਂ ਦੀ ਪ੍ਰੀਖਿਆ

05/27/2023 2:38:57 PM

ਪਟਿਆਲਾ (ਬਲਜਿੰਦਰ) : ਸ਼ਾਹੀ ਸ਼ਹਿਰ ਪਟਿਆਲਾ ਦੇ ਰਤਨ ਨਗਰ ਦੀ ਵਸਨੀਕ ਮਨਪ੍ਰੀਤ ਕੌਰ ਅਤੇ ਉਸ ਦੀ ਧੀ ਇਸ਼ਪ੍ਰੀਤ ਕੌਰ ਦੋਵਾਂ ਨੇ ਚੰਗੇ ਨੰਬਰਾਂ ’ਚ ਇਕੱਠੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਮਾਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ 26 ਸਾਲਾਂ ਬਾਅਦ ਮੁੜ ਤੋਂ ਪੜ੍ਹਾਈ ਸ਼ੁਰੂ ਕਰ ਕੇ ਆਪਣੀ ਧੀ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ 2011 ’ਚ ਅਕਾਲ ਚਲਾਣਾ ਕਰ ਗਏ ਸਨ ਅਤੇ ਉਸ ਤੋਂ ਬਾਅਦ ਉਸ ਨੇ ਆਪਣੇ ਬੱਚਿਆਂ ਨੂੰ ਖ਼ੁਦ ਮਿਹਨਤ ਕਰ ਕੇ ਪੜ੍ਹਾਇਆ ਤੇ ਜਦੋਂ ਉਹ ਸਰਕਾਰੀ ਨੌਕਰੀ ਮੰਗਣ ਲਈ ਗਈ ਤਾਂ ਉਸ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਕਿਹਾ ਗਿਆ। ਜਿਸ 'ਤੇ ਉਸ ਨੇ ਆਪਣੀ ਧੀ ਇਸ਼ਪ੍ਰੀਤ ਕੌਰ ਦੇ ਨਾਲ ਮਿਲ ਕੇ 12ਵੀਂ ਦੀ ਪ੍ਰੀਖਿਆ ਪਾਸ ਕਰਨ ਦਾ ਮਨ ਬਣਾਇਆ।

ਇਹ ਵੀ ਪੜ੍ਹੋ- 10ਵੀਂ ਬੋਰਡ ਦੇ ਨਤੀਜਿਆਂ ਤੋਂ ਸਾਹਮਣੇ ਆਏ ਚਿੰਤਾਜਨਕ ਰੁਝਾਨ, ਪੰਜਾਬ 'ਚ ਹੀ 'ਪਰਾਈ' ਹੋਈ ਪੰਜਾਬੀ

ਮਨਪ੍ਰੀਤ ਕੌਰ ਨੇ ਕਿਹਾ ਕਿ ਹਾਲਾਂਕਿ ਪਰਿਵਾਰ ਪਾਲਣ ਅਤੇ ਕੰਮ ਕਰਨ ਦੇ ਨਾਲ-ਨਾਲ ਪੜ੍ਹਾਈ ਕਰਨਾ ਥੋੜਾ ਮੁਸ਼ਕਲ ਸੀ ਪਰ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਬੱਚਿਆਂ ਨੇ ਉਸ ਨੂੰ ਪੜ੍ਹਣ ਲਈ ਹੌਂਸਲਾ ਦਿੱਤਾ ਤੇ ਅੱਜ ਉਸ ਨੇ 72 ਫ਼ੀਸਦੀ ਨੰਬਰਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।

ਇਹ ਵੀ ਪੜ੍ਹੋ- ਮੁਕਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਦੋਸਤ ਨੇ ਫੌਹੜਾ ਮਾਰ ਕੀਤਾ ਦੋਸਤ ਦਾ ਕਤਲ

ਦੂਜੇ ਪਾਸੇ ਬੱਚੀ ਇਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਤੋਂ ਨਾਨ-ਮੈਡੀਕਲ ਸਟ੍ਰੀਮ ’ਚ 94 ਫ਼ੀਸਦੀ ਨੰਬਰਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਪੁੱਛੇ ਜਾਣ ’ਤੇ ਕਿ ਇਸ ਨੂੰ ਕਦੇ ਦਿੱਕਤ ਤਾਂ ਨਹੀਂ ਆਈ ਤਾਂ ਇਸ਼ਪ੍ਰੀਤ ਕੌਰ ਨੇ ਦੱਸਿਆ ਕਿ ਦਿੱਕਤ ਨਹੀਂ ਸਗੋਂ ਆਪਣੀ ਮਾਂ ਨਾਲ ਮਿਲ ਕੇ ਪੜ੍ਹਣ ਨਾਲ ਉਸ ਨੂੰ ਮਦਦ ਮਿਲੀ ਤੇ ਅੱਗੇ ਵਧਣ ਦੀ ਪ੍ਰੇਰਣਾ ਵੀ ਮਿਲੀ। ਦੋਵੇਂ ਮਾਂ-ਧੀ ਨੂੰ ਸਿਵਲ ਲਾਈਨ ਸਕੂਲ ਵੱਲੋਂ ਇਸ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto