ਪਾਕਿਸਤਾਨ ਨਹੀਂ ਛੱਡ ਰਿਹਾ ਮਛੇਰਿਆਂ ਦੀਆਂ 700 ਤੋਂ ਵੱਧ ਕਿਸ਼ਤੀਆਂ

07/12/2017 10:31:11 AM

ਅੰਮ੍ਰਿਤਸਰ - ਪਾਕਿਸਤਾਨ ਦੀ ਸਰਕਾਰ ਨੇ ਮਛੇਰਿਆਂ ਨੂੰ ਤਾਂ ਰਿਹਾਅ ਕਰ ਦਿੱਤਾ ਹੈ ਪਰ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਨਹੀਂ ਛੱਡਿਆ ਤੇ ਜ਼ਬਤ ਕਰ ਲਿਆ ਹੈ। ਸਮੁੰਦਰ ਵਿਚ ਮੱਛੀਆਂ ਫੜਨ ਲਈ ਜਾਣ ਵਾਲੇ ਮਛੇਰੇ ਲਹਿਰਾਂ ਦੇ ਵਹਾਅ 'ਚ ਕਦੋਂ ਪਾਕਿਸਤਾਨੀ ਹੱਦ ਕ੍ਰਾਸ ਕਰ ਜਾਂਦੇ ਹਨ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਪਰ ਪਾਕਿਸਤਾਨੀ ਰਾਖੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਅਤੇ ਕਿਸ਼ਤੀਆਂ ਵੀ ਜ਼ਬਤ ਕਰ ਲੈਂਦੇ ਹਨ। ਗੁਜਰਾਤ ਫਿਸ਼ਰੀਜ਼ ਬੋਰਡ ਦੇ ਅਧਿਕਾਰੀਆਂ ਅਨੁਸਾਰ ਇਸ ਸਮੇਂ ਪਾਕਿਸਤਾਨ ਕੋਲ ਭਾਰਤੀ ਮਛੇਰਿਆਂ ਦੀਆਂ 700 ਤੋਂ ਵੱਧ ਜ਼ਬਤ ਕੀਤੀਆਂ ਕਿਸ਼ਤੀਆਂ ਹਨ, ਜਿਨ੍ਹਾਂ ਨੂੰ ਪਾਕਿਸਤਾਨ ਰਿਲੀਜ਼ ਨਹੀਂ ਕਰ ਰਿਹਾ। ਇਕ ਕਿਸ਼ਤੀ ਦੀ ਕੀਮਤ 20 ਤੋਂ 50 ਲੱਖ ਜਾਂ ਫਿਰ ਕਰੋੜ ਵਿਚ ਵੀ ਹੁੰਦੀ ਹੈ। ਇਸ ਸਮੇਂ ਪਾਕਿਸਤਾਨ ਵੱਲੋਂ ਅਰਬਾਂ ਰੁਪਏ ਦੀ ਕੀਮਤ ਦੀਆਂ ਭਾਰਤੀ ਕਿਸ਼ਤੀਆਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ।
ਮਛੇਰਿਆਂ ਦਾ ਕਹਿਣਾ ਹੈ ਕਿ ਕਿਸ਼ਤੀ ਹੀ ਉਨ੍ਹਾਂ ਦੇ ਪੇਸ਼ੇ ਦਾ ਇਕ-ਇਕੋ ਸਾਧਨ ਹੁੰਦੀ ਹੈ ਅਤੇ ਇਸ ਦੇ ਸਹਾਰੇ ਉਹ ਸਮੁੰਦਰ ਵਿਚ ਮੱਛੀ ਫੜਨ ਲਈ ਜਾਂਦੇ ਹਨ ਪਰ ਪਾਕਿਸਤਾਨ ਕੈਦੀਆਂ ਨੂੰ ਤਾਂ ਛੱਡ ਦਿੰਦਾ ਹੈ ਅਤੇ ਕਿਸ਼ਤੀਆਂ ਆਪਣੇ ਕੋਲ ਰੱਖ ਲੈਂਦਾ ਹੈ। ਕੇਂਦਰ ਸਰਕਾਰ ਨੂੰ ਕਿਸ਼ਤੀਆਂ ਛੁਡਾਉਣ ਦੇ ਮਾਮਲੇ ਵਿਚ ਪਹਿਲ ਕਰਨੀ ਚਾਹੀਦੀ ਹੈ। ਰਿਹਾਅ ਹੋ ਕੇ ਆਏ ਮਛੇਰਿਆਂ ਨੇ ਇਹ ਵੀ ਅਪੀਲ ਕੀਤੀ ਕਿ ਪਾਕਿਸਤਾਨੀ ਮਛੇਰਿਆਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਮਛੇਰੇ ਜਾਸੂਸੀ ਕਰਨ ਲਈ ਸਮੁੰਦਰ ਵਿਚ ਨਹੀਂ ਆਉਂਦੇ। ਇਨ੍ਹਾਂ ਵਿਚ ਜੋ ਮਛੇਰੇ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ।