ਪੰਜਾਬ ''ਚ ਲਾਪਤਾ ਹੋ ਗਏ 10,000 ਤੋਂ ਜ਼ਿਆਦਾ ਲੋਕ, ਜਲੰਧਰ ਦੇ ਅੰਕੜੇ ਹੈਰਾਨੀਜਨਕ

04/22/2023 4:05:20 PM

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਰ ਵਿਚ ਬੀਤੇ 10-12 ਸਾਲ ਦੌਰਾਨ ਕਰੀਬ 10,000 ਲੋਕ ਗ਼ਾਇਬ ਹੋ ਚੁੱਕੇ ਹਨ। ਇਨ੍ਹਾਂ ਵਿਚ 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਤੱਕ ਦੇ ਬਜ਼ੁਰਗ ਸ਼ਾਮਲ ਹਨ। ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਪੰਜਾਬ ਪੁਲਸ ਦੇ ਸਾਂਝ ਕੇਂਦਰਾਂ ਦੇ ਡੇਟਾ ਤੋਂ ਸਾਫ਼ ਹੈ ਕਿ ਸਭ ਤੋਂ ਜ਼ਿਆਦਾ ਜਲੰਧਰ ਦਿਹਾਤੀ ਵਿਚ ਲੋਕ ਲਾਪਤਾ ਹੋਏ ਹਨ। ਉਂਝ ਸਭ ਤੋਂ ਸਟੀਕ ਅਪਡੇਟ ਵੀ ਇਸ ਜ਼ਿਲ੍ਹੇ ਦੀ ਹੈ। ਜਲੰਧਰ ਦਿਹਾਤੀ ਜ਼ਿਲ੍ਹੇ ਵਿਚ 21 ਅਪ੍ਰੈਲ, 2023 ਤੱਕ 1626 ਲੋਕਾਂ ਦੇ ਗੁੰਮ ਹੋਣ ਦੀ ਸ਼ਿਕਾਇਤ ਪੁਲਸ ਨੂੰ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਾਲ ਪਹਿਲੀ ਜਨਵਰੀ ਤੋਂ ਹੁਣ ਤੱਕ ਜਲੰਧਰ ਦਿਹਾਤੀ ਵਿਚ ਗੁੰਮ ਹੋਏ 39 ਲੋਕਾਂ ਵਿਚ 29 ਔਰਤਾਂ ਹਨ। ਅੰਕੜਿਆਂ ਦੇ ਲਿਹਾਜ਼ ਨਾਲ ਜਲੰਧਰ ਦਿਹਾਤੀ ਦੇ ਨਾਲ ਹੀ ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀ ਪੁਲਸ ਨੇ ਵੀ ਗੁੰਮਸ਼ੁਦਗੀ ਦੇ ਮਾਮਲਿਆਂ ਨੂੰ ਸਾਂਝ ਪੋਰਟਲ ’ਤੇ ਅਪਡੇਟ ਕੀਤਾ ਹੋਇਆ ਹੈ। ਬਾਕੀ ਜ਼ਿਲ੍ਹਿਆਂ ਦਾ ਰਿਕਾਰਡ ਇਨ੍ਹਾਂ ਦੇ ਆਸਪਾਸ ਵੀ ਨਹੀਂ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਪਤਨੀ ਨੂੰ ਹਵਾਈ ਅੱਡੇ 'ਤੇ ਰੋਕਣ ਦੇ ਮਾਮਲੇ 'ਚ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ

9881 ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਪੁਲਸ ਦੇ ਕੋਲ

ਪੁਲਸ ਕੋਲ ਹੁਣ ਤੱਕ 9881 ਗੁਮਸ਼ੁਦਗੀ ਦੀਆਂ ਸ਼ਿਕਾਇਤ ਆਈਆਂ ਹਨ। ਇਨ੍ਹਾਂ ਵਿਚ ਇਕੱਲੇ ਦੋਆਬਾ ਵਿਚ ਹੀ 4518 ਗੁੰਮਸ਼ੁਦਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 4 ਜ਼ਿਲ੍ਹਿਆਂ ਵਿਚ ਫੈਲੇ ਦੋਆਬਾ ਦੇ ਹੁਸ਼ਿਆਰਪੁਰ ਵਿਚ 1490, ਜਲੰਧਰ ਸ਼ਹਿਰੀ ਵਿਚ 688, ਜਲੰਧਰ ਦਿਹਾਤੀ ਵਿਚ 1626, ਕਪੂਰਥਲਾ ਵਿਚ 361 ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 353 ਲੋਕ ਗੁੰਮ ਹਨ। ਗੁੰਮਸ਼ੁਦਗੀ ਦੇ ਮਾਮਲੇ ਵਿਚ ਪੂਰੇ ਪੰਜਾਬ ਭਰ ਵਿਚ ਜਲੰਧਰ ਦਿਹਾਤੀ ਪਹਿਲੇ ਤੇ ਹੁਸ਼ਿਆਰਪੁਰ ਦੂਜੇ ਨੰਬਰ ’ਤੇ ਰਿਹਾ ਹੈ, ਉਂਝ 1000 ਕੇਸਾਂ ਤੋਂ ਜ਼ਿਆਦਾ ਵਾਲੇ ਵੀ ਇਹੀ ਦੋ ਜ਼ਿਲ੍ਹੇ ਹਨ।

ਇਹ ਵੀ ਪੜ੍ਹੋ : 'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਬਿਆਨ ਆਇਆ ਸਾਹਮਣੇ

ਮਾਲੇਰਕੋਟਲਾ ਵਿਚ ਘੱਟ ਕੇਸ

ਸਭ ਤੋਂ ਘੱਟ ਲੋਕ ਮਾਲੇਰਕੋਟਲਾ ਜ਼ਿਲ੍ਹੇ ਵਿਚ ਲਾਪਤਾ ਹੋਏ ਹਨ। ਉਥੇ 2009-2019 ਦੌਰਾਨ ਸਿਰਫ਼ 16 ਲੋਕਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਨੂੰ ਮਿਲੀ। 100 ਤੋਂ ਘੱਟ ਗੁੰਮਸ਼ੁਦਗੀ ਦੇ ਕੇਸ ਮਾਲੇਰਕੋਟਲਾ ਤੋਂ ਇਲਾਵਾ 8 ਹੋਰ ਜ਼ਿਲ੍ਹਿਆਂ ਵਿਚ ਦਰਜ ਹੋਏ ਹਨ। ਇਨ੍ਹਾਂ ਵਿਚ ਬਟਾਲਾ ਪੁਲਸ ਜ਼ਿਲ੍ਹੇ ਵਿਚ 88, ਬਠਿੰਡਾ ਵਿਚ 70, ਫ਼ਤਹਿਗੜ੍ਹ ਸਾਹਿਬ ਵਿਚ 78, ਫਿਰੋਜ਼ਪੁਰ ਵਿਚ 71, ਗੁਰਦਾਸਪੁਰ ਵਿਚ 89, ਖੰਨਾ ਪੁਲਸ ਜ਼ਿਲ੍ਹੇ ਵਿਚ 41, ਲੁਧਿਆਣਾ ਪੇਂਡੂ ਵਿਚ 98, ਸੰਗਰੂਰ ਵਿਚ 88 ਅਤੇ ਤਰਨਤਾਰਨ ਜ਼ਿਲ੍ਹੇ ਵਿਚ 98 ਮਾਮਲੇ ਸ਼ਾਮਲ ਹਨ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਜ਼ਿਲ੍ਹਾਵਾਰ ਗੁੰਮਸ਼ੁਦਗੀ ਦੇ ਮਾਮਲੇ

ਅੰਮ੍ਰਿਤਸਰ ਪੁਲਸ ਕਮਿਸ਼ਨਰੇਟ 220
ਅੰਮ੍ਰਿਤਸਰ 224
ਬਰਨਾਲਾ 119
ਬਟਾਲਾ ਪੁਲਸ ਜ਼ਿਲ੍ਹਾ 88
ਬਠਿੰਡਾ 70
ਫਰੀਦਕੋਟ 287
ਫ਼ਤਹਿਗੜ੍ਹ ਸਾਹਿਬ 78
ਫਾਜ਼ਿਲਕਾ 593
ਫਿਰੋਜ਼ਪੁਰ 71
ਗੁਰਦਾਸਪੁਰ 89
ਹੁਸ਼ਿਆਰਪੁਰ 1490
ਜਲੰਧਰ ਪੁਲਸ ਕਮਿਸ਼ਨਰੇਟ 688
ਜਲੰਧਰ ਦਿਹਾਤੀ 1626
ਕਪੂਰਥਲਾ 361
ਖੰਨਾ ਪੁਲਸ ਜ਼ਿਲ੍ਹਾ 41
ਲੁਧਿਆਣਾ ਪੁਲਸ ਕਮਿਸ਼ਨਰੇਟ 929
ਲੁਧਿਆਣਾ ਦਿਹਾਤੀ 98
ਮਾਲੇਰਕੋਟਲਾ 16
ਮਾਨਸਾ 483
ਮੋਗਾ 134
ਪਠਾਨਕੋਟ 344
ਪਟਿਆਲਾ 615
ਰੂਪਨਗਰ138
ਸੰਗਰੂਰ 88
ਐੱਸ.ਏ.ਐੱਸ. ਨਗਰ 175
ਐੱਸ.ਬੀ.ਐੱਸ. ਨਗਰ 353
ਸ਼੍ਰੀ ਮੁਕਤਸਰ ਸਾਹਿਬ365
ਤਰਨਤਾਰਨ 98

ਬਾਰਡਰ ਨਾਲ ਲੱਗਦੇ ਫਾਜ਼ਿਲਕਾ ਦੇ 593 ਲੋਕ ਲਾਪਤਾ

ਬਾਰਡਰ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ 593 ਕੇਸ ਫਾਜ਼ਿਲਕਾ ਜ਼ਿਲ੍ਹੇ ਵਿਚ ਸਾਹਮਣੇ ਆਏ ਹਨ। ਖ਼ਾਸ ਗੱਲ ਇਹ ਹੈ ਕਿ ਉਸ ਨਾਲ ਫਿਰੋਜ਼ਪੁਰ ਜ਼ਿਲ੍ਹੇ ਵਿਚ ਕੇਵਲ 71 ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਮਿਲੀਆਂ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਡੇਰਾ ਮੁਖੀ ਵਲੋਂ ਸੀ. ਬੀ. ਆਈ. ਜਾਂਚ ਦੀ ਮੰਗ ’ਤੇ ਹਾਈ ਕੋਰਟ ਨੇ ਚੁੱਕੇ ਸਵਾਲ

ਪੋਰਟਲ ’ਤੇ ਅਪਡੇਟ ਨਹੀਂ ਡਾਟਾ

ਸੂਬੇ ਵਿਚ ਗੁਮਸ਼ੁਦਗੀ ਦਾ ਇਹ ਅੰਕੜਾ ਸ਼ਾਇਦ 10,000 ਦੇ ਪਾਰ ਹੋ ਜਾਂਦਾ ਜੇਕਰ ਪੁਲਸ ਨੇ ਆਪਣੇ ਡੇਟਾ ਨੂੰ ਅਪਡੇਟ ਕੀਤਾ ਹੁੰਦਾ। ਦਰਅਸਲ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਵਿਚ ਜੂਨ, 2021, ਅੰਮ੍ਰਿਤਸਰ ਦਿਹਾਤੀ ਵਿਚ 2020, ਬਠਿੰਡਾ ਵਿਚ ਫਰਵਰੀ 2020, ਫ਼ਤਹਿਗੜ੍ਹ ਸਾਹਿਬ ਵਿਚ ਫਰਵਰੀ 2018, ਫਾਜ਼ਿਲਕਾ ਵਿਚ 2021, ਫਿਰੋਜ਼ਪੁਰ ਵਿਚ ਜਨਵਰੀ 2019, ਗੁਰਦਾਸਪੁਰ ਵਿਚ 2019, ਖੰਨਾ ਪੁਲਸ ਜ਼ਿਲ੍ਹੇ ਵਿਚ ਸਤੰਬਰ 2021, ਲੁਧਿਆਣਾ ਦਿਹਾਤੀ ਵਿਚ ਜੁਲਾਈ 2018, ਮੋਗਾ ਵਿਚ 2019, ਰੂਪਨਗਰ ਜ਼ਿਲ੍ਹੇ ਵਿਚ 2019, ਸੰਗਰੂਰ ਵਿਚ 2018, ਮੋਹਾਲੀ ਵਿਚ 2020, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਮਈ 2020, ਸ੍ਰੀ ਮੁਕਤਸਰ ਸਾਹਿਬ ਵਿਚ ਅਪ੍ਰੈਲ, 2021 ਅਤੇ ਤਰਨਤਾਰਨ ਜ਼ਿਲ੍ਹੇ ਵਿਚ ਜੂਨ 2020 ਤੋਂ ਬਾਅਦ ਗੁੰਮਸ਼ੁਦਗੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਵੀ ਸੰਭਵ ਹੈ ਕਿ ਅਜਿਹੇ ਕੇਸ ਸਬੰਧਤ ਜ਼ਿਲ੍ਹੇ ਦੇ ਪੋਰਟਲ ’ਤੇ ਅਪਡੇਟ ਨਹੀਂ ਕੀਤੇ ਗਏ ਹਨ ।

ਇਹ ਵੀ ਪੜ੍ਹੋ : ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਪੁਰਾਣੇ ਪੈਟਰਨ 'ਤੇ ਨਿਕਲੇ ਨਵਜੋਤ ਸਿੱਧੂ

ਪੁਲਸ ਦੀ ਲਾਪਰਵਾਹੀ ਵੀ ਆਈ ਸਾਹਮਣੇ

ਉਂਝ ਕੁੱਝ ਜ਼ਿਲ੍ਹਿਆਂ ਵਿਚ ਗੁੰਮਸ਼ੁਦਾ ਲੋਕਾਂ ਨੂੰ ਲੈ ਕੇ ਪੁਲਸ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਜਲੰਧਰ ਅਤੇ ਅੰਮ੍ਰਿਤਸਰ ਵਿਚ ਦੋ ਵੱਖ-ਵੱਖ ਔਰਤਾਂ ਅਤੇ ਦੋ ਪੁਰਸ਼ਾਂ ਦੀ ਜਗ੍ਹਾ ਇਕ ਇਕ ਫੋਟੋ ਵਰਤੀ ਗਈ ਹੈ। ਸਾਫ਼ ਹੈ ਕਿ ਇਕ ਫੋਟੋ ਇਨ੍ਹਾਂ ਵਿਚ ਗ਼ਲਤ ਔਰਤ ਅਤੇ ਪੁਰਸ਼ ਦੀ ਲੱਗੀ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹ੍ ਵਿਚ ਵੀ ਇਕ 27 ਸਾਲਾ ਗੁੰਮਸ਼ੁਦਾ ਔਰਤ ਦੀ ਜਗ੍ਹਾ ’ਤੇ ਬੱਚੇ ਦੀ ਫੋਟੋ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਹੀ ਸਾਬਤ ਹੋਇਆ ਵਿਭਾਗ ਦਾ ਇਹ ਫਾਰਮੂਲਾ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal