ਗੈਂਗਸਟਰਾਂ ਤੇ ਮੋਹਾਲੀ ਪੁਲਸ ਵਿਚਾਲੇ ਫਾਇਰਿੰਗ, 3 ਕਾਬੂ

03/28/2019 11:19:46 PM

ਮੋਹਾਲੀ,(ਕੁਲਦੀਪ) : ਪੁਲਸ ਸਟੇਸ਼ਨ ਬਲੌਂਗੀ ਅਧੀਨ ਆਉਂਦੇ ਪਿੰਡ ਬੱਲੋਮਾਜਰਾ 'ਚ ਦੇਰ ਰਾਤ ਗੈਂਗਸਟਰਾਂ ਨੂੰ ਫੜਨ ਗਈ ਪੁਲਸ 'ਤੇ ਦੋਸ਼ੀਆਂ ਨੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਦੀ ਪਛਾਣ ਰਮਨ ਕੁਮਾਰ, ਗੁਰਪ੍ਰੀਤ ਤੇ ਸੁਖਦੀਪ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 32 ਤੇ 12 ਬੋਰ ਦੇ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਿਹੜੇ ਮਕਾਨ 'ਚ ਉਹ ਰਹਿ ਰਹੇ ਸਨ, ਉਹ ਜੋਗਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਹੈ। ਜੋਗਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਗੈਂਗਸਟਰ 5-6 ਮਹੀਨੇ ਤੋਂ ਇਥੇ ਰਹਿ ਰਹੇ ਸਨ।

ਪੁਲਸ ਨੂੰ ਵੇਖਦਿਆਂ ਹੀ ਚਲਾਈਆਂ ਗੋਲੀਆਂ
ਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੱਲੋਮਾਜਰਾ ਵਿਚ ਜੋਗਿੰਦਰ ਸਿੰਘ ਦੇ ਘਰ ਵਿਚ ਹਥਿਆਰਾਂ ਨਾਲ ਲੈਸ ਨੌਜਵਾਨ ਰਹਿ ਰਹੇ ਹਨ। ਸੀ. ਆਈ. ਏ. ਸਟਾਫ, ਡੀ. ਐੱਸ. ਪੀ. ਦੀਪ ਕਮਲ, ਪੁਲਸ ਸਟੇਸ਼ਨ ਬਲੌਂਗੀ ਦੇ ਐੱਸ. ਐੱਚ. ਓ., ਖਰੜ ਪੁਲਸ ਸਟੇਸ਼ਨ ਸਦਰ ਦੇ ਐੱਸ. ਐੱਚ. ਓ. ਤੇ ਪੀ. ਸੀ. ਆਰ. ਇੰਚਾਰਜ ਅਜੇ ਪਾਠਕ ਭਾਰੀ ਗਿਣਤੀ ਵਿਚ ਪੁਲਸ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ। ਘਰ ਨੂੰ ਚਾਰੇ ਪਾਸਿਓ ਘੇਰ ਲਿਆ ਗਿਆ। ਪੁਲਸ ਮਕਾਨ ਦੇ ਉਸ ਕਮਰੇ ਤੱਕ ਪਹੁੰਚ ਗਈ, ਜਿਸ 'ਚ ਗੈਂਗਸਟਰ ਰਹਿੰਦੇ ਸਨ। ਪੁਲਸ ਕਰਮਚਾਰੀਆਂ ਨੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਕਿਸੇ ਨੇ ਦਰਵਾਜਾ ਨਹੀਂ ਖੋਲ੍ਹਿਆ। ਪੁਲਸ ਨੂੰ ਦੇਖ ਕੇ ਅੰਦਰ ਬੈਠੇ ਨੌਜਵਾਨਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਫਾਇਰਿੰਗ ਵਿਚ 15 ਤੋਂ 20 ਗੋਲੀਆਂ ਚੱਲੀਆਂ। ਘਟਨਾ ਤੋਂ ਬਾਅਦ ਪਿੰਡ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।