ਮੋਹਾਲੀ ਦੇ ਸਰਕਾਰੀ ਸਕੂਲ 'ਚ ਤੇਜ਼ਧਾਰ ਹਥਿਆਰ ਲੈ ਕੇ ਵੜਿਆ ਵਿਦਿਆਰਥੀ, ਦੇਖਦੇ ਹੀ ਦੇਖਦੇ ਕਰਤਾ ਵੱਡਾ ਕਾਰਾ

12/24/2022 12:04:55 PM

ਮੋਹਾਲੀ (ਨਿਆਮੀਆਂ) : ਮੋਹਾਲੀ ਜ਼ਿਲ੍ਹੇ ਦੇ ਪਿੰਡ ਖਿਜਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੇ ਕੁੱਝ ਦੋਸਤਾਂ ਨਾਲ ਮਿਲ ਕੇ ਆਪਣੇ ਹੀ ਸਕੂਲ ਦੇ ਅਧਿਆਪਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਅਧਿਆਪਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਫਿਲਹਾਲ ਜ਼ਖਮੀ ਅਧਿਆਪਕ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਇਨ੍ਹਾਂ ਅਧਿਆਪਕਾਂ 'ਤੇ ਡਿੱਗ ਸਕਦੀ ਹੈ ਗਾਜ਼, ਕੈਬਨਿਟ ਮੰਤਰੀ ਨੇ ਜਾਰੀ ਕੀਤਾ ਪੱਤਰ

ਉਸ ਦੇ ਸਿਰ 'ਤੇ ਚਾਰ ਟਾਂਕੇ ਲੱਗੇ ਹਨ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅਧਿਆਪਕ ਨੇ ਵਿਦਿਆਰਥੀ ਨੂੰ ਕਿਸੇ ਗੱਲ ਤੋਂ ਝਿੜਕਿਆ ਸੀ। ਇਸ ਕਾਰਨ ਵਿਦਿਆਰਥੀ ਗੁੱਸੇ 'ਚ ਸੀ। ਹਸਪਤਾਲ 'ਚ ਦਾਖ਼ਲ ਅਧਿਆਪਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪ੍ਰਾਰਥਨਾ ਸਭਾ 'ਚ ਖੜ੍ਹਾ ਸੀ। ਉਦੋਂ ਇਸੇ ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਆਪਣੇ ਬਾਹਰਲੇ ਦੋਸਤਾਂ ਨਾਲ ਆਇਆ ਅਤੇ ਉਨ੍ਹਾਂ 'ਤੇ ਪਿੱਛਿਓਂ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸਿਰ 'ਤੇ ਵਾਰ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਠਾਰਨ ਵਾਲੀ 'ਠੰਡ' ਨੂੰ ਲੈ ਕੇ ਅਲਰਟ ਜਾਰੀ, ਅਜੇ ਹੋਰ ਛਿੜੇਗੀ ਕੰਬਣੀ, ਜਾਣੋ ਅਗਲੇ 2 ਦਿਨਾਂ ਦਾ ਹਾਲ

ਇਸ ਕਾਰਨ ਸਿਰ 'ਤੇ ਡੂੰਘੇ ਜ਼ਖ਼ਮ ਹੋ ਗਏ ਹਨ। ਹੋਰ ਅਧਿਆਪਕਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਭੱਜ ਗਏ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਇਸ ਹਮਲੇ ਦੀ ਸਖ਼ਤ ਨਿਖ਼ੇਧੀ ਕਰਦਿਆਂ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਸਕੂਲ ਪ੍ਰਸ਼ਾਸਨ ਵੱਲੋਂ ਵੀ ਪੁਲਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗਲਤ ਅਨਸਰਾਂ ਨੂੰ ਨੱਥ ਪਾ ਕੇ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita