ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਤਾ-ਪਿਤਾ ਨੇ ਫੋਨ ’ਤੇ ਕੀਤੇ ਪੁੱਤ ਦੇ ਅੰਤਿਮ ਦਰਸ਼ਨ

11/29/2019 11:27:17 AM

ਮੋਹਾਲੀ (ਕੁਲਦੀਪ) - ਮੋਹਾਲੀ ਦੇ ਸੈਕਟਰ-67 ਨਿਵਾਸੀ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਅਚਾਨਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਹੈਪੀ ਵਜੋਂ ਹੋਈ ਹੈ, ਜੋ ਸੈਕਟਰ-67 ਦੇ ਮਕਾਨ ਨੰਬਰ-1175 ਦਾ ਵਸਨੀਕ ਸੀ। ਜਾਣਕਾਰੀ ਅਨੁਸਾਰ ਮਿ੍ਤਕ ਨੂੰ ਕੈਨੇਡਾ ’ਚ ਪੀ. ਆਰ. ਮਿਲ ਚੁੱਕੀ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਧੀ ਨਾਲ ਰਹਿ ਰਿਹਾ ਸੀ। ਹੈਪੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਨੂੰ ਨਾ ਹੀ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰਨ ਦਾ ਮੌਕਾ ਮਿਲਿਆ ਅਤੇ ਨਾ ਹੀ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕੇ।

ਨੌਜਵਾਨ ਦੇ ਪਿਤਾ ਮਹਿਮਾ ਸਿੰਘ ਢੀਂਡਸਾ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੁਪਰਡੈਂਟ ਦੇ ਅਹੁਦੇ ਤੋਂ ਰਿਟਾਇਰਡ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਆਦਿ ਮਿਲਣ ’ਚ ਥੋੜੀ ਪ੍ਰੇਸ਼ਾਨੀ ਆ ਰਹੀ ਸੀ। ਹੋ ਸਕਦਾ ਸੀ ਕਿ ਵੀਜ਼ਾ ਮਿਲਣ ਵਿਚ ਲੰਮਾ ਸਮਾਂ ਵੀ ਲੱਗ ਜਾਂਦਾ। ਇਸ ਲਈ ਮਾਤਾ-ਪਿਤਾ ਨੇ ਆਪਣੇ ਕਰੀਬ 36 ਸਾਲ ਦੇ ਮ੍ਰਿਤਕ ਪੁੱਤਰ ਦੇ ਅੰਤਿਮ ਦਰਸ਼ਨ ਉੱਥੇ ਰਹਿ ਰਹੀ ਉਨ੍ਹਾਂ ਦੀ ਨੂੰਹ ਦੇ ਮੋਬਾਇਲ ਫੋਨ ’ਤੇ ਵੀਡੀਓ ਕਾਲਿੰਗ ਰਾਹੀਂ ਹੀ ਕੀਤੇ।

ਮ੍ਰਿਤਕ ਦੇ ਪਿਤਾ ਮਹਿਮਾ ਸਿੰਘ ਢੀਂਢਸਾ ਅਤੇ ਮਾਤਾ ਬਲਤੇਜ ਕੌਰ ਨੇ ਦੱਸਿਆ ਕਿ ਭਾਵੇਂ ਹੀ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਖੁਦ ਆਪਣੇ ਹੱਥਾਂ ਨਾ ਕਰ ਸਕੇ ਅਤੇ ਨਾ ਹੀ ਅੰਤਿਮ ਸੰਸਕਾਰ ਦੇ ਮੌਕੇ ਬੇਟੇ ਦੇ ਅੰਤਿਮ ਦਰਸ਼ਨ ਹੀ ਕਰ ਸਕੇ ਹਨ ਪਰ ਬੇਟੇ ਦੀ ਲਾਸ਼ ਕਈ ਦਿਨਾਂ ਤਕ ਖ਼ਰਾਬ ਨਾ ਹੋਵੇ ਸਕੇ, ਇਸ ਲਈ ਉਨ੍ਹਾਂ ਨੇ ਇਹ ਸੋਚ ਕੇ ਸਬਰ ਕਰ ਲਿਆ ਕਿ ਉਹ ਆਪਣੇ ਬੇਟੇ ਦੀ ਲਾਸ਼ ਨੂੰ ਰੁਲਣ ਨਹੀਂ ਦੇਣਗੇ। ਉਨ੍ਹਾਂ ਦਾ ਛੋਟਾ ਪੁੱਤਰ ਸਟੱਡੀ ਵੀਜ਼ਾ ਉੱਤੇ ਟੋਰਾਂਟੋ ਵਿਚ ਗਿਆ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਸਿੱਧਾ ਟੋਰਾਂਟੋ ਤੋਂ ਐਡਮਿੰਟਨ ਭੇਜ ਦਿੱਤਾ ਹੈ ਅਤੇ ਹੋਰ ਵੀ ਕੁਝ ਰਿਸ਼ਤੇਦਾਰ ਉਥੇ ਹੀ ਕੈਨੇਡਾ ਵਿਚ ਹਨ, ਇਸ ਲਈ ਉੱਥੇ ਹੀ ਉਸ ਦਾ ਅੰਤਿਮ ਸੰਸਕਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੀ ਆਤਮਿਕ ਸ਼ਾਂਤੀ ਲਈ 8 ਦਸੰਬਰ ਨੂੰ ਮੋਹਾਲੀ ਦੇ ਸੈਕਟਰ-67 ਸਥਿਤ ਗੁਰਦੁਆਰਾ ਸਿੰਘ ਸਭਾ ਵਿਚ ਅੰਤਿਮ ਅਰਦਾਸ ਕਰਵਾਈ ਜਾਵੇਗੀ।

rajwinder kaur

This news is Content Editor rajwinder kaur