ਬੱਚੀ ਦੀ ਕਿਡਨੈਪਿੰਗ ਦੀ ਖਬਰ ਨੇ ਉਡਾਈ ਮੋਹਾਲੀ ਪੁਲਸ ਦੀ ਨੀਂਦ

03/26/2018 12:50:40 PM

ਮੋਹਾਲੀ (ਰਾਣਾ) : ਸੈਕਟਰ-71 ਸਥਿਤ ਐਤਵਾਰ ਨੂੰ 11 ਸਾਲਾ ਨਾਬਾਲਗਾ ਦੇ ਲਾਪਤਾ ਹੋਣ ਦੀ ਕਾਲ ਨੇ ਪੁਲਸ 'ਚ ਹਲਚਲ ਮਚਾ ਦਿੱਤੀ। ਇਸ ਤੋਂ ਬਾਅਦ ਪੁਲਸ ਦੀਆਂ ਟੀਮਾਂ ਬਣਾਈਆਂ ਗਈਆਂ, ਜੋ ਕਿ ਨਾਬਾਲਗਾ ਦੀ ਤਲਾਸ਼ 'ਚ ਜੁਟ ਗਈਆਂ ਪਰ ਸ਼ਾਮ ਤਕ ਨਾਬਾਲਗਾ ਖੁਦ ਹੀ ਆਪਣੇ ਘਰ ਪਹੁੰਚ ਗਈ ਅਤੇ ਪਰਿਵਾਰਕ ਮੈਂਬਰਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਮਟੌਰ ਥਾਣੇ ਨੂੰ ਚੈਨ ਦੀ ਨੀਂਦ ਆਈ। 
ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਕੰਜਕ ਪੂਜਨ ਸੀ, ਜਿਸ ਦੌਰਾਨ ਸੈਕਟਰ-71 'ਚ ਇਕ ਪਰਿਵਾਰ ਵਲੋਂ ਕੰਜਕ ਪੂਜਨ ਕੀਤਾ ਜਾ ਰਿਹਾ ਸੀ। ਕੰਜਕ ਪੂਜਨ ਹੋਣ ਤੋਂ ਬਾਅਦ 11 ਸਾਲਾ ਬੱਚੀ ਹੋਰ ਲੜਕੀਆਂ ਨਾਲ ਘਰ ਤੋਂ ਬਾਹਰ ਨਿਕਲੀ ਤਾਂ ਹੋਰ ਲੜਕੀਆਂ ਦੇ ਪਰਿਵਾਰਕ ਮੈਂਬਰ ਤਾਂ ਉਨ੍ਹਾਂ ਨੂੰ ਗੱਡੀਆਂ 'ਚ ਬਿਠਾ ਕੇ ਲੈ ਗਏ ਪਰ ਉਹ ਉਥੇ ਹੀ ਰਹਿ ਗਈ। ਇਸ ਤੋਂ ਬਾਅਦ ਬੱਚੀ ਕੰਜਕ ਪੂਜਨ 'ਚ ਮਿਲ ਰਹੇ ਪੈਸੇ ਤੇ ਹੋਰ ਸਾਮਾਨ ਲੈਣ ਲਈ ਨਜ਼ਦੀਕੀ ਮੰਦਰ 'ਚ ਜਾ ਕੇ ਬੈਠ ਗਈ। ਜਦੋਂ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਬੱਚੀ ਆਪਣੇ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਸ-ਪਾਸ ਦੇ ਕਾਫੀ ਘਰਾਂ 'ਚ ਲੱਭਿਆ ਪਰ ਉਹ ਕਿਤੇ ਨਾ ਮਿਲੀ। ਉਨ੍ਹਾਂ ਪੁਲਸ ਨੂੰ ਬੱਚੀ ਦੀ ਕਿਡਨੈਪਿੰਗ ਦੀ ਖਬਰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਬੱਚੀ ਨੂੰ ਲੱਭਣ 'ਚ ਜੁਟ ਗਈ।  ਪੁਲਸ ਨੇ ਆਸ-ਪਾਸ ਦੇ ਸਾਰੇ ਏਰੀਏ 'ਚ ਉਸ ਨੂੰ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਸ਼ਾਮ ਹੋਣ ਤੋਂ ਬਾਅਦ ਬੱਚੀ ਖੁਦ ਆਪਣੇ ਘਰ ਪਹੁੰਚ ਗਈ।