ਅੱਖਾਂ 'ਚ ਮਿਰਚਾਂ ਪਾ 7 ਲੱਖ ਤੋਂ ਵੱਧ ਦੀ ਨਕਦੀ ਲੁੱਟਣ ਵਾਲੇ 2 ਸਕੇ ਭਰਾ ਕਾਬੂ, 3 ਫਰਾਰ

07/21/2019 5:07:16 PM

ਮੋਗਾ (ਵਿਪਨ, ਅਜ਼ਾਦ) - ਮੋਗਾ ਦੀ ਪੁਲਸ ਨੇ ਧਰਮਕੋਟ ਦੀ ਸੈਟਨ ਕ੍ਰੈਡਿਟ ਕੇਅਰ ਨੈਟਵਰਕ ਬ੍ਰਾਂਚ ਦੇ ਮੈਨੇਜਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ 10 ਹਜ਼ਾਰ 700 ਰੁਪਏ ਲੁੱਟ ਕੇ ਲੈ ਜਾਣ ਵਾਲੇ ਲੁਟੇਰਿਆਂ ਦਾ ਪਰਦਾਫਾਸ਼ ਕਰਦਿਆਂ 4 ਵਿਅਕਤੀਆਂ ਨੂੰ ਨਾਮਜ਼ਦ ਕਰਕੇ 2 ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਦੋਵੇਂ ਵਿਅਕਤੀ ਸਣੇ ਭਰਾ ਸਨ, ਜੋ ਉਕਤ ਕੰਪਨੀ 'ਚ ਕੰਮ ਕਰਦੇ ਸਨ, ਜਿੰਨਾਂ ਨੇ ਆਪਸੀ ਮਿਲੀਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਤੋਂ ਲੁੱਟੇ ਗਏ ਪੈਸਿਆਂ 'ਚੋਂ 72 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਐੱਸ.ਪੀ.ਆਈ ਹਰਿੰਦਰਪਾਲ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 17 ਜੁਲਾਈ ਨੂੰ ਸੈਟਨ ਕ੍ਰੈਡਿਟ ਕੇਅਰ ਨੈਟਵਰਕ ਬ੍ਰਾਂਚ ਢੋਲੇਵਾਲਾ ਰੋਡ ਧਰਮਕੋਟ ਦਾ ਮੈਨੇਜਰ ਸ਼ਿਵ ਕੁਮਾਰ ਜਦੋਂ ਕੰਪਨੀ 'ਚ ਕੰਮ ਕਰਦੇ ਮੁਲਾਜ਼ਮ ਸੁਖਚੈਨ ਸਿੰਘ ਨਾਲ ਮੋਟਰ ਸਾਈਕਲ 'ਤੇ ਕੰਪਨੀ ਦੇ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਜਾ ਰਿਹਾ ਸੀ ਤਾਂ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਮੈਨੇਜਰ ਦੀਆਂ ਅੱਖਾਂ 'ਚ ਮਿਰਚਾ ਪਾ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ ਸਨ। ਇਸ ਘਟਨਾ ਦੇ ਸਬੰਧ 'ਚ ਸ਼ਿਵ ਕੁਮਾਰ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਲੁਟੇਰਿਆਂ ਖਿਲਾਫ ਥਾਣਾ ਧਰਮਕੋਟ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਕੀਤਾ ਗਿਆ ਸੀ ਵਿਸ਼ੇਸ਼ ਟੀਮ ਦਾ ਗਠਨ
ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਜਸਪਾਲ ਸਿੰਘ ਡੀ. ਐੱਸ.ਪੀ.ਆਈ ਮੋਗਾ, ਯਾਦਵਿੰਦਰ ਸਿੰਘ ਡੀ.ਐੱਸ.ਪੀ ਧਰਮਕੋਟ, ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਜਸਵੀਰ ਸਿੰਘ, ਸੀ.ਆਈ.ਏ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਦੇ ਅਧਾਰਿਤ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਸੀ, ਜਿੰਨਾ ਨੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਜਾਂਚ ਟੀਮ ਨੇ ਘਟਨਾ ਵਾਲੇ ਦਿਨ ਮੋਟਰ ਸਾਈਕਲ ਚਲਾ ਰਹੇ ਕੰਪਨੀ ਦੇ ਮੁਲਾਜ਼ਮ ਸੁਖਚੈਨ ਸਿੰਘ ਨੂੰ ਜਾਂਚ 'ਚ ਸ਼ਾਮਲ ਕਰਨ ਲਈ ਕਿਹਾ ਤਾਂ ਉਹ ਟਾਲ ਮਟੋਲ ਕਰ ਗਿਆ, ਜਿਸ 'ਤੇ ਪੁਲਸ ਨੂੰ ਸ਼ੱਕ ਹੋ ਗਿਆ। ਪੁਲਸ ਵਲੋਂ ਕੱਸੇ ਜਾ ਰਹੇ ਸ਼ਿਕੰਜੇ ਨੂੰ ਦੇਖਦਿਆਂ ਸੁਖਚੈਨ ਸਿੰਘ ਨੇ ਏਰੀਆ ਮੈਨੇਜਰ ਕੋਲ ਆ ਕੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਭਰਾ ਅਵਤਾਰ ਸਿੰਘ, ਜੋ ਉਕਤ ਕੰਪਨੀ ਦੀ ਜ਼ੀਰਾ ਬ੍ਰਾਂਚ 'ਚ ਮੁਲਾਜ਼ਮ ਹੈ, ਤੋਂ ਇਲਾਵਾ ਕਾਲੂ ਉਰਫ ਗੁਰਪ੍ਰੀਤ ਸਿੰਘ, ਧਰਮਾ ਨਿਵਾਸੀ ਰਟੋਲ ਬੈਟ ਅਤੇ ਮਾਈਕਲ ਉਰਫ ਕਾਕਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਪੁਲਸ ਨੇ  ਸੁਖਚੈਨ ਸਿੰਘ ਅਤੇ ਉਸਦੇ ਭਰਾ ਅਵਤਾਰ ਸਿੰਘ ਨੂੰ ਕਾਬੂ ਕਰ ਲਿਆ, ਜਦਕਿ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਨੇ ਸੁਖਚੈਨ ਸਿੰਘ ਕੋਲੋਂ 30 ਹਜ਼ਾਰ ਰੁਪਏ ਅਤੇ ਉਸ ਦੇ ਭਰਾ ਕੋਲੋਂ 42 ਹਜ਼ਾਰ ਰੁਪਏ ਲੁੱਟ ਦੇ ਪੈਸਿਆਂ 'ਚੋਂ ਪੈਸੇ ਬਰਾਮਦ ਕੀਤੇ ਗਏ।

rajwinder kaur

This news is Content Editor rajwinder kaur