ਲੱਖਾਂ ਦੀ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ, ਦੋ ਫਰਾਰ

06/18/2020 6:12:42 PM

ਮੋਗਾ (ਅਜ਼ਾਦ) : ਮੋਗਾ ਪੁਲਸ ਵੱਲੋਂ ਹੈਰੋਇਨ (ਚਿੱਟੇ) ਦਾ ਕੋਰੋਨਾ ਵਾਇਰਸ ਦੀ ਆੜ 'ਚ ਧੰਦਾ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਪੁਲਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਕਿ ਦੋ ਕਾਬੂ ਨਹੀਂ ਆ ਸਕੇ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਡੀ.ਐਸ. ਪੀ ਸੁਬੈਗ ਸਿੰਘ ਨੇ ਦੱਸਿਆ ਕਿ ਜਦੋਂ ਥਾਣਾ ਧਰਮਕੋਟ ਦੇ ਮੁੱਖ ਅਫਸਰ ਬਲਰਾਜ ਮੋਹਨ ਦੀ ਅਗਵਾਈ 'ਚ ਥਾਣੇਦਾਰ ਮੇਜਰ ਸਿੰਘ, ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਸਮੇ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਨੂਰਪੁਰ ਹਕੀਮਾਂ ਦੇ ਕੋਲ ਜਾ ਰਹੇ ਸੀ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਜਦੋਂ ਕਾਰ ਨੂੰ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਉਸ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਨਾਲ ਪਲਵਿੰਦਰ ਸਿੰਘ ਉਰਫ ਲਾਡੀ ਨਿਵਾਸੀ ਨੂਰਪੁਰ ਹਕੀਮਾਂ ਨੂੰ ਕਾਬੂ ਕੀਤਾ, ਜਦਕਿ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਬਾਅਦ ਉਕਤ ਮਾਮਲੇ 'ਚ ਕਾਕਾ ਸਿੰਘ ਨਿਵਾਸੀ ਮਹਿਤਪੁਰ (ਜਲੰਧਰ), ਬਲਵਿੰਦਰ ਸਿੰਘ ਨਿਵਾਸੀ ਮੰਝਲੀ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਨੂੰ ਕਾਬੂ ਕਰਨ ਦੇ ਲਈ ਪੁਲਸ ਪਾਰਟੀਆਂ ਛਾਪਾਮਾਰੀ ਕਰ ਰਹੀਆਂ ਹਨ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ। ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਤਸਕਰ ਨੂੰ ਅੱਜ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਤਿੰਨਾਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਧਰਮਕੋਟ 'ਚ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Babita

This news is Content Editor Babita