ਹੁਣ ਵੋਟਰ ਆਪਣੀ ਪਾਈ ਗਈ ਵੋਟ ਬਾਰੇ ਮੌਕੇ ’ਤੇ ਹੀ ਕਰ ਸਕਣਗੇ ਤਸੱਲੀ

02/17/2019 3:18:05 AM

ਮੋਗਾ (ਸੰਦੀਪ)-ਸੂਬੇ ’ਚ ਹਰ ਤਰ੍ਹਾਂ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲੇ ਵੋਟਰ ਦੇ ਮਨ ’ਚ ਉਸ ਵੱਲੋਂ ਇਸਤੇਮਾਲ ਕੀਤੀ ਗਈ ਵੋਟ ਬਾਰੇ ਤਸੱਲੀ ਲਈ ਹੁਣ ਚੋਣ ਕਮਿਸ਼ਨ ਵੱਲੋਂ ਇਕ ਪੁਖਤਾ ਹੱਲ ਕੱਢਿਆ ਗਿਆ ਹੈ ਕਿਉਂਕਿ ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਵੋਟਰ ਆਪਣੀ ਮਰਜ਼ੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਬਾਅਦ ਅਸੰਤੁਸ਼ਟ ਮਹਿਸੂਸ ਕਰਦਾ ਹੈ, ਜਿਸ ਨੂੰ ਦੂਰ ਕਰਨ ਲਈ ਚੋਣਾਂ ਦੌਰਾਨ ਇਸਤੇਮਾਲ ਹੋਣ ਵਾਲੀ ਵੋਟਰ ਮਸ਼ੀਨ ਦੇ ਨਾਲ ਇਕ ਵੱਖਰਾ ਬੋਕਸ ਪ੍ਰਿੰਟਰ ਲਾਇਆ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਵੋਟ ਦਾ ਇਸਤੇਮਾਲ ਕਰਨ ਵਾਲਾ ਵੋਟਰ ਇਸ ਮਸ਼ੀਨ ਰਾਹੀਂ ਤਸੱਲੀ ਕਰ ਸਕੇਗਾ ਕਿ ਉਸ ਵੱਲੋਂ ਪਾਈ ਗਈ ਵੋਟ ਉਸ ਦੇ ਮਰਜ਼ੀ ਦੇ ਉਮੀਦਵਾਰ ਨੂੰ ਪਈ ਹੈ ਜਾਂ ਨਹੀਂ। ਇਸ ਬਾਰੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੋਟਰਜ਼ ਨੂੰ ਜਾਗਰੂਕ ਕਰਨ ਲਈ ਜੀ. ਓ. ਜੀ. ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ। ਇਸੇ ਤਹਿਤ ਪਿੰਡ ਚੰਦ ਨਵਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਜੀ. ਓ. ਜੀ. ਸੂਬੇਦਾਰ ਮੇਜਰ ਗੁਰਦੇਵ ਸਿੰਘ, ਕੈਪਟਨ ਬਲਵਿੰਦਰ ਸਿੰਘ ਅਤੇ ਸੂਬੇਦਾਰ ਗੁਰਦੇਵ ਸਿੰਘ ਬਲਾਕ ਬਾਘਾਪੁਰਾਣਾ ਵੱਲੋਂ ਇਸ ਵਿਧੀ ਬਾਰੇ ਜਾਗਰੂਕਤਾ ਸੈਮੀਨਾਰ ਲਾ ਕੇ ਇਲਾਕੇ ਦੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਇਸ ਬੋਕਸ ਪ੍ਰਿੰਟਰ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਸਰਕਾਰੀ ਹਾਈ ਸਕੂਲ ਚੰਦ ਨਵਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚੰਦ ਨਵਾਂ ਦੇ ਸਮੂਹ ਸਟਾਫ ਮੈਂਬਰਾਂ ਨੇ ਵੀ ਜਾਣਕਾਰੀ ਹਾਸਲ ਕਰ ਕੇ ਸੈਮੀਨਾਰ ਦਾ ਲਾਹਾ ਲਿਆ।