ਸਹੂਲਤਾਂ ਨੂੰ ਤਰਸਦੇ ਲੋਕ ਸਰਕਾਰ ਦੀਆਂ ਨਾਕਾਮੀਆਂ ਦਾ ਢਿੰਡੋਰਾ ਪਿੱਟ ਰਹੇ ਹਨ : ਮਾਹਲਾ

01/23/2019 9:34:02 AM

ਮੋਗਾ (ਚਟਾਨੀ)-18 ਮਹੀਨੇ ਪਹਿਲਾਂ 18 ਕਰੋਡ਼ ਰੁਪਏ ਦੀ ਗ੍ਰਾਂਟ ਦੀਆਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਮਾਰੀਆਂ ਗਈਆਂ ਬਡ਼੍ਹਕਾਂ ਦੇ ਬਾਵਜੂਦ ਸ਼ਹਿਰ ਦੇ ਵਿਕਾਸ ਦੀ ਖਡ਼੍ਹੀ ਗੱਡੀ ਤੋਂ ਜ਼ਾਹਿਰ ਹੈ ਕਿ ਜਾਂ ਤਾਂ ਗ੍ਰਾਂਟ ਹੀ ਨਹੀਂ ਮਿਲੀ ਜਾਂ ਫਿਰ ਇਹ ਖੁਰਦ-ਬੁਰਦ ਹੀ ਹੋ ਗਈ, ਜਿਸ ਦੀ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਪਡ਼ਤਾਲ ਜ਼ਰੂਰ ਕਰਵਾਈ ਜਾਣੀ ਚਾਹੀਦੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਆਖੀ। ਅਕਾਲੀ ਆਗੂ ਅਤੇ ਹਲਕਾ ਬਾਘਾਪੁਰਾਣਾ ਦੇ ਇੰਚਾਰਜ ਮਾਹਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਵੋਟਾਂ ਦੀ ਕਥਿਤ ਠੱਗੀ ਮਾਰਨ ਵਾਲੇ ਹੁਣ ਸਿਰਫ ਬਿਆਨਾਂ ਨਾਲ ਹੀ ਬੁੱਤਾ ਸਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਧੂਰੇ ਪਏ ਵਿਕਾਸ ਕੰਮਾਂ ਉਪਰ ਉਂਗਲ ਧਰਦਿਆਂ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਸਵਾਲ ਕੀਤਾ ਕਿ ਜੇਕਰ ਗ੍ਰਾਂਟਾਂ ਦੇ ਗੱਫੇ ਮੌਜੂਦ ਹਨ ਤਾਂ ਫਿਰ ਡੇਢ ਸਾਲ ਪਹਿਲਾਂ ਆਰੰਭੇ ਕਾਰਜ ਲਟਕਦੇ ਕਿਉਂ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸਹੂਲਤਾਂ ਨੂੰ ਤਰਸਦੇ ਲੋਕ ਨਿੱਤ ਦਿਨ ਧਰਨੇ-ਮੁਜ਼ਾਹਰੇ ਕਰ ਕੇ ਸਰਕਾਰ ਦੀਆਂ ਨਾਕਾਮੀਆਂ ਦਾ ਢਿੰਡੋਰਾ ਪਿੱਟ ਰਹੇ ਹਨ, ਜਦਕਿ ਕਾਂਗਰਸੀ ਵਿਧਾਇਕ ਸਰਕਾਰ ਦੇ ਸੋਹਲੇ ਗਾ ਰਹੇ ਹਨ। ਮਾਹਲਾ ਨੇ ਕਿਹਾ ਕਿ ਗ੍ਰਾਂਟਾਂ ਦੇ ਰਾਗ ਅਲਾਪਣ ਨਾਲ ਨਹੀਂ ਸਗੋਂ ਗ੍ਰਾਂਟਾਂ ਨੂੰ ਖਰਚ ਕਰਨ ਨਾਲ ਹੀ ਸ਼ਹਿਰ ਅਤੇ ਹਲਕੇ ਦੀ ਕਾਇਆ-ਕਲਪ ਹੋ ਸਕੇਗੀ।