ਫਰਾਂਸ ਦੇ ਰਾਸ਼ਟਰਪਤੀ ਨੂੰ ਅਹਿਮੀਅਤ ਦੇ ਕੇ ਮੋਦੀ ਨੇ ਸਿੱਖਾਂ ਦੇ ਜ਼ਖਮਾਂ ''ਤੇ ਲੂਣ ਛਿੜਕਿਆ

03/11/2018 7:05:52 AM

ਮੋਹਾਲੀ (ਨਿਆਮੀਆਂ) - ਫਰਾਂਸ ਦੇ ਰਾਸ਼ਟਰਪਤੀ ਦਾ ਭਾਰਤ ਫੇਰੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਵਧ ਕੇ ਸਵਾਗਤ ਕੀਤਾ ਹੈ, ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਵਲੋਂ ਹਾਲ ਹੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤਾ ਗਿਆ ਵਿਤਕਰਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਇਹ ਗੱਲ ਅੱਜ ਇਥੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਆਖੀ। ਉਨ੍ਹਾਂ ਪ੍ਰਧਾਨ ਮੰਤਰੀ 'ਤੇ ਸਿੱਖਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾÀੁਂਦਿਆਂ ਕਿਹਾ ਕਿ ਟਰੂਡੋ ਨੂੰ ਇਸ ਲਈ ਸਨਮਾਨ ਨਹੀਂ ਦਿੱਤਾ ਗਿਆ ਕਿਉਂਕਿ ਉਸ ਦੇ ਨਾਲ ਕੈਨੇਡਾ 'ਚ ਵਸਦੇ ਸਿੱਖ ਭਾਰਤ ਆਏ ਸਨ। ਭੋਮਾ ਨੇ ਕਿਹਾ ਕਿ ਹੁਣ ਤਾਂ ਇਹ ਗੱਲ ਸਿੱਧ ਹੋ ਗਈ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਦੀ ਇੰਨੀ ਆਓ ਭਗਤ ਸ਼ਾਇਦ ਇਸ ਲਈ ਕੀਤੀ ਗਈ ਕਿਉਂਕਿ ਉਸ ਨੇ ਫਰਾਂਸ ਵਿਚ ਸਿੱਖਾਂ ਵਿਰੁੱਧ ਬੇਤਹਾਸ਼ਾ ਪਾਬੰਦੀਆਂ ਲਾਈਆਂ ਹਨ ਅਤੇ ਉੱਥੇ ਦਸਤਾਰ ਬੰਨ੍ਹਣ ਤਕ 'ਤੇ ਵੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਦਸਤਾਰਾਂ ਉਤਾਰਨ ਵਾਲੇ ਦੇਸ਼ ਦੇ ਰਾਸ਼ਟਰਪਤੀ ਨੂੰ ਵੱਧ ਅਹਿਮੀਅਤ ਦੇ ਕੇ ਮੋਦੀ ਨੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ।  ਭੋਮਾ ਨੇ ਕਿਹਾ ਕਿ ਫਰਾਂਸ ਵਿਚ ਸਾਲ 2004 ਤੋਂ ਸਿੱਖਾਂ ਦੇ ਦਸਤਾਰ ਸਜਾਉਣ 'ਤੇ ਪਾਬੰਦੀ ਲਾਈ ਗਈ ਸੀ ਅਤੇ ਸਿੱਖਾਂ ਨੇ 2010 ਵਿਚ ਇਸ ਸਬੰਧੀ ਯੂਨਾਈਟਿਡ ਨੇਸ਼ਨਜ਼ ਵਿਚ ਦਸਤਾਰ ਸਬੰਧੀ ਅਪੀਲ ਵੀ ਜਿੱਤ ਲਈ ਪਰ ਇਸ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਫਰਾਂਸ ਦੇ ਸਾਰੇ ਦਸਤਾਵੇਜ਼ਾਂ ਵਿਚ ਬਿਨਾਂ ਦਸਤਾਰ ਵਾਲੀ ਫੋਟੋ ਲਾਉਣੀ ਜ਼ਰੂਰੀ ਕੀਤੀ ਗਈ ਹੈ। ਪਾਸਪੋਰਟ, ਪ੍ਰਾਈਵੇਟ ਲਾਇਸੈਂਸ, ਹੈਲਥ ਕਾਰਡ, ਸਕੂਲ ਪਛਾਣ ਪੱਤਰ ਅਤੇ ਬੱਸ ਪਾਸ ਆਦਿ 'ਤੇ ਬਿਨਾਂ ਦਸਤਾਰ ਦੇ ਫੋਟੋ ਲਾਉਣੀ ਜ਼ਰੂਰੀ ਹੈ। ਨੌਕਰੀ ਹਾਸਲ ਕਰਨ ਲਈ ਵੀ ਦਸਤਾਰ ਉਤਾਰਨੀ ਪੈਂਦੀ ਹੈ ਅਤੇ ਇਥੋਂ ਤਕ ਕਿ ਸਕੂਲਾਂ ਵਿਚ ਬੱਚੇ ਸਿਰ 'ਤੇ ਪਟਕਾ ਤਕ ਵੀ ਨਹੀਂ ਬੰਨ੍ਹ ਸਕਦੇ। ਇਸ ਮੌਕੇ ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ, ਹਰਵਿੰਦਰ ਸਿੰਘ ਬੱਬਲ, ਮੀਤ ਪ੍ਰਧਾਨ ਜਸਪਿੰਦਰ ਸਿੰਘ ਮਲੋਟ ਤੇ ਜਨਰਲ ਸਕੱਤਰ ਵਿਕਰਮ ਗੁਲਜ਼ਾਰ ਸਿੰਘ ਵੀ ਹਾਜ਼ਰ ਸਨ।