ਮੋਦੀ ਕਿਸਾਨਾਂ ਨੂੰ ਸਿਰਫ ਝਾਂਸਾ, ਲੋਕਾਂ ਨੂੰ ਨਸੀਹਤ ਅਤੇ ਲੰਬਾ ਭਾਸ਼ਣ ਦੇ ਕੇ ਚਲੇ ਗਏ

07/12/2018 7:48:55 AM

ਜਲੰਧਰ/ ਮਲੋਟ (ਧਵਨ, ਜੁਨੇਜਾ)  - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸੂਬੇ ਦੇ ਦੌਰੇ ਸਮੇਂ ਕਿਸਾਨਾਂ ਨੂੰ ਸਿਰਫ ਝਾਂਸਾ, ਲੋਕਾਂ ਨੂੰ ਨਸੀਹਤ ਅਤੇ ਲੰਬਾ ਭਾਸ਼ਣ ਦੇ ਕੇ ਵਾਪਸ ਦਿੱਲੀ ਚਲੇ ਗਏ।   ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਗਲੇ ਸਾਲ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ  ਲਈ ਵੀ ਕੇਂਦਰੀ ਮਦਦ ਦੇਣ ਦਾ ਕੋਈ ਐਲਾਨ ਨਹੀਂ ਕੀਤਾ, ਜਿਸ ਤੋਂ ਕੇਂਦਰ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ ਹੈ। ਜਾਖੜ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਅਤੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਵੀ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਮਸਲਿਆਂ ਦੇ ਸਬੰਧ 'ਚ ਕੋਈ ਵੀ ਐਲਾਨ ਕਰਵਾਉਣ 'ਚ ਕਾਮਯਾਬ ਨਹੀਂ ਹੋ ਸਕੀ।
ਸੂਬਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਫਸਲਾਂ ਦੀ ਐੱਮ. ਐੱਸ. ਪੀ. ਦੇ ਨਾਂ 'ਤੇ ਸਿਰਫ ਗੁੰਮਰਾਹ ਹੀ ਕੀਤਾ ਹੈ। ਕਿਸਾਨਾਂ ਨੂੰ ਮੋਦੀ ਦੇ ਪੰਜਾਬ ਦੌਰੇ ਤੋਂ ਕਾਫੀ ਉਮੀਦਾਂ ਸਨ ਪਰ ਰੈਲੀ ਦੀ ਸਮਾਪਤੀ ਤੋਂ ਬਾਅਦ ਆਖਿਰ ਕਿਸਾਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਕੇਂਦਰ ਸਰਕਾਰ ਨੇ ਹੀ ਜੀ. ਐੱਸ. ਟੀ. ਲਾ ਕੇ ਵਪਾਰ ਅਤੇ ਉਦਯੋਗਾਂ ਦਾ ਦਮ ਤੋੜ ਦਿੱਤਾ ਹੈ। ਉਸ ਸਬੰਧ 'ਚ ਭਾਜਪਾ ਨੇ ਪ੍ਰਧਾਨ ਮੰਤਰੀ ਤੋਂ ਜੀ. ਐੱਸ. ਟੀ. ਨੂੰ ਲੈ ਕੇ ਕੋਈ ਰਿਆਇਤ ਦਾ ਐਲਾਨ ਵਪਾਰੀਆਂ ਲਈ ਨਹੀਂ ਕਰਵਾਇਆ। ਜਾਖੜ ਨੇ ਕਿਹਾ ਕਿ ਪੰਜਾਬ ਲਈ ਕਿਸੇ ਉਦਯੋਗਿਕ ਪੈਕੇਜ ਦਾ ਐਲਾਨ ਵੀ ਪ੍ਰਧਾਨ ਮੰਤਰੀ ਨਹੀਂ ਕਰ ਸਕੇ। ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੀ ਰੈਲੀ 'ਚ ਬੁਲਾਇਆ ਗਿਆ ਸੀ ਪਰ ਖਾਲੀ ਕੁਰਸੀਆਂ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਦੇ ਅੰਦਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੈਲੀ 'ਚ ਸਾਰੇ ਨੇਤਾਵਾਂ ਦਾ ਤਾਂ ਨਾਂ ਲਿਆ ਪਰ ਉਨ੍ਹਾਂ ਨੇ ਮਜੀਠੀਆ ਦਾ ਨਾਂ ਨਹੀਂ ਲਿਆ। ਇਸ ਤੋਂ ਵੀ ਇਕ ਕੌੜਾ ਸੱਚ ਸਾਹਮਣੇ ਆ ਜਾਂਦਾ ਹੈ। ਕੀ ਇਹ ਇਕ ਤੈਅ ਰਣਨੀਤੀ ਦਾ ਹਿੱਸਾ ਸੀ ਜਾਂ ਫਿਰ ਜਾਣਬੁੱਝ ਕੇ ਪ੍ਰਧਾਨ ਮੰਤਰੀ ਦਫਤਰ ਦੇ ਨਿਰਦੇਸ਼ਾਂ 'ਤੇ ਮਜੀਠੀਆ ਨੂੰ ਮੰਚ ਤੋਂ ਦੂਰ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅਸਲ 'ਚ ਅਕਾਲੀ ਲੀਡਰਸ਼ਿਪ ਨੇ ਆਪਣੇ ਗੋਡੇ ਪ੍ਰਧਾਨ ਮੰਤਰੀ ਅਤੇ ਭਾਜਪਾ ਸਾਹਮਣੇ ਟੇਕ ਦਿੱਤੇ ਹਨ। ਰੈਲੀ ਸਿਰਫ ਲੰਬੇ ਭਾਸ਼ਣ ਤੋਂ ਇਲਾਵਾ ਕੁਝ ਨਹੀਂ ਸੀ।
ਮਨਮੋਹਨ ਸਿੰਘ ਜਦੋਂ ਵੀ ਪੰਜਾਬ ਆਉਂਦੇ ਸਨ, ਸੂਬੇ ਦੀ ਝੋਲੀ ਭਰ ਕੇ ਜਾਂਦੇ ਸਨ
ਸੁਨੀਲ ਜਾਖ਼ੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਪੰਜਾਬ ਆਏ, ਸੂਬੇ ਦੀ ਝੋਲੀ ਵਿਚ ਕੁਝ ਵੀ ਨਹੀਂ ਪਾ ਕੇ ਗਏ, ਜਦਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਦੋਂ ਵੀ ਪੰਜਾਬ ਆਉਂਦੇ ਸਨ ਤਾਂ ਸੂਬੇ ਦੀ ਝੋਲੀ ਹਰ ਵਾਰ ਭਰ ਕੇ ਜਾਂਦੇ ਸਨ। ਡਾ. ਮਨਮੋਹਨ ਸਿੰਘ ਨੇ ਹਰ ਵਾਰ ਪੰਜਾਬ ਦੌਰੇ ਦੌਰਾਨ ਸੂਬੇ ਨੂੰ ਕੋਈ ਨਾ ਕੋਈ ਪ੍ਰਾਜੈਕਟ ਜ਼ਰੂਰ ਦਿੱਤਾ। ਅਜਿਹਾ ਲੱਗਦਾ ਹੈ ਕਿ ਅਕਾਲੀ ਲੀਡਰਸ਼ਿਪ 'ਚ ਮੋਦੀ ਤੋਂ ਮੰਗਣ ਲਈ ਹਿੰਮਤ ਹੀ ਨਹੀਂ ਹੈ।