ਆਧੁਨਿਕ ਕੈਮਰਿਆਂ ਨਾਲ ਲੈੱਸ ਕੀਤਾ ਜਾਵੇਗਾ ਗੁ. ਬੀੜ ਸਾਹਿਬ ਕੰਪਲੈਕਸ - ਲੌਂਗੋਵਾਲ

01/19/2018 2:12:58 PM

ਝਬਾਲ/ ਬੀੜ ਸਾਹਿਬ (ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ, ਭਾਟੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਪਹਿਲੀ ਵਾਰ ਪੁੱਜੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਗੁਰਬਾਣੀ ਦਾ ਅਨੰਦਮਈ ਸ਼ਬਦ ਕੀਰਤਨ ਵੀ ਸਰਵਨ ਕੀਤਾ। ਗੁਰਦੁਆਰਾ ਪ੍ਰਬੰਧਕੀ ਦਫ਼ਤਰ ਵਿਖੇ ਪਹੁੰਚਣ 'ਤੇ ਮੈਨੇਜਰ ਗੁਰਦੁਆਰਾ ਬੀੜ ਸਾਹਿਬ ਭਾਈ ਜਸਪਾਲ ਸਿੰਘ ਢੱਡੇ ਦੀ ਅਗਵਾਈ 'ਚ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਅਤੇ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ ਮੈਂਬਰ ਐੱਸ. ਜੀ. ਪੀ. ਸੀ. ਵੱਲੋਂ ਉਨ੍ਹਾਂ ਨੂੰ ਸਿਰਪਾਓ, ਲੋਈ, ਕਿਰਪਾਨ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਭਾਈ ਲੌਂਗੋਵਾਲ ਨੇ ਪਿੱਛਲੇ ਦਿਨੀਂ ਗੁਰਦੁਆਰਾ ਕੰਪਲੈਕਸ 'ਚੋਂ ਕਿਸੇ ਸ਼ਰਧਾਲੂ ਦੀ ਕਾਰ ਚੋਰੀ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਵੱਲੋਂ ਜਾਣੂ ਕਰਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ 'ਚ 32 ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜਿਸ ਦੀ ਬਾਦੌਲਤ ਹੀ ਚੋਰ ਦੀ ਸ਼ਨਾਖਤ ਕਰਕੇ ਉਸਨੂੰ ਬਹੁਤ ਜਲਦੀ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੋਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਥਾਨਕ ਸਕੂਲਾਂ 'ਚ ਪੜ੍ਹਦੇ ਸਾਬਤ ਸੂਰਤ ਸਿੱਖ ਬੱਚਿਆਂ ਲਈ ਐੱਸ. ਜੀ. ਪੀ. ਸੀ. ਵੱਲੋਂ ਵਿਸ਼ੇਸ਼ ਸਹੂਲਤਾਂ ਲਾਗੂ ਕਰਨ ਦੀ ਤਜ਼ਵੀਜ ਜਾਰੀ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਵੀ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਭਾਈ ਲੌਂਗੋਵਾਲ ਨੇ ਗੁਰਦੁਆਰਾ ਬੀੜ ਸਾਹਿਬ ਨੂੰ ਨਿਰਵਿਘਣ ਬਿਜਲੀ ਸਪਲਾਈ ਦੇਣ ਲਈ ਇਥੇ ਵੱਖਰਾ 66 ਕੇ. ਵੀ. ਬਿਜਲੀਘਰ ਬਹੁਤ ਜਲਦ ਸਥਾਪਿਤ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਅੰਤਰਿੰਗ ਕਮੇਟੀ, ਪੀ. ਏ. ਜਗਜੀਤ ਸਿੰਘ ਜੱਗੀ, ਪ੍ਰਿਸੀਪਲ ਤਰਨਜੀਤ ਸਿੰਘ, ਪਿੰ੍ਰਸੀਪਲ ਮੈਡਮ ਜਗਰੂਪ ਕੌਰ, ਦਿਲਬਾਗ ਸਿੰਘ ਝਬਾਲ, ਬਲਕਾਰ ਸਿੰਘ ਛਾਪਾ, ਅਮਰ ਸਿੰਘ ਛਾਪਾ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ, ਜਥੇਦਾਰ ਗੁਰਬਚਨ ਸਿੰਘ ਕਸੇਲ ਸਾਬਕਾ ਮੈਨੇਜਰ, ਬਲਵਿੰਦਰ ਸਿੰਘ ਪੱਪੂ ਮੰਡੀਵਾਲਾ ਅਕਾਲੀ ਆਗੂ, ਨਿਰਮਲ ਸਿੰਘ ਰਾਮਰੌਣੀ ਸਾਬਕਾ ਸਰਪੰਚ, ਸੁਰਿੰਦਰ ਸਿੰਘ ਚੂਸਲੇਵੜ, ਜਥੇਦਾਰ ਨਿਸ਼ਾਨ ਸਿੰਘ ਦੋਦੇ, ਸਰਪੰਚ ਸ਼ਾਮ ਸਿੰਘ ਕੋਟ, ਜਥੇਦਾਰ ਕਸ਼ਮੀਰ ਸਿੰਘ ਮੰਨਣ, ਡਾਇ. ਦਲਜੀਤ ਸਿੰਘ ਐਮਾਂ, ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਸਰਪੰਚ ਪ੍ਰੀਤਇੰਦਰ ਸਿੰਘ ਢਿੱਲੋਂ, ਪੂਰਨ ਸਿੰਘ ਅੱਡਾ ਝਬਾਲ, ਬਲਜੀਤ ਸਿੰਘ ਪੀ. ਟੀ, ਗੁਰਿੰਦਰ ਸਿੰਘ ਬਾਬਾ ਲੰਗਾਹ, ਅਰਵਿੰਦਰਪਾਲ ਸਿੰਘ ਰਾਜੂ ਝਬਾਲ ਆਦਿ ਸਮੇਤ ਇਲਾਕੇ ਭਰ ਦੇ ਪ੍ਰਮੁੱਖ ਆਗੂ ਅਤੇ ਅਕਾਲੀ ਵਰਕਰ ਹਾਜ਼ਰ ਸਨ।