ਨਾਭਾ ਜੇਲ ਬ੍ਰੇਕ ਦੇ ਮਾਸਟਰ ਮਾਈਂਡ ਪਲਵਿੰਦਰ ਪਿੰਦਾ ਦੀ ਜੇਲ ਦੀ ਚੱਕੀ ''ਚੋਂ ਮੋਬਾਇਲ ਬਰਾਮਦ

07/24/2017 5:54:58 AM

ਪਟਿਆਲਾ (ਬਲਜਿੰਦਰ)-  ਕੇਂਦਰੀ ਜੇਲ ਪਟਿਆਲਾ ਵਿਚ ਬੰਦ ਨਾਭਾ ਜੇਲ ਬ੍ਰੇਕ ਦੇ ਮਾਸਟਰ ਮਾਈਂਡ ਪਲਵਿੰਦਰ ਸਿੰਘ ਪਿੰਦਾ ਦੀ ਚੱਕੀ ਵਿਚੋਂ ਮੋਬਾਇਲ ਫੋਨ ਬਰਾਮਦ ਹੋਇਆ ਹੈ। ਇੰਨਾ ਹੀ ਨਹੀਂ, ਸੂਚਨਾ ਦੇ ਆਧਾਰ 'ਤੇ ਜੇਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਚੈਕਿੰਗ ਵਿਚ ਨਾਭਾ ਜੇਲ ਬ੍ਰੇਕ 'ਚ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਰੇਸ਼ ਨਾਰੰਗ ਅਤੇ ਸੁਨੀਲ ਕਾਲੜਾ ਦੇ ਨਾਲ ਸੁਖਚੈਨ ਸਿੰਘ ਤੋਂ ਵੀ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਜੇਲ ਪ੍ਰਸ਼ਾਸਨ ਵੱਲੋਂ ਕੁੱਲ 8 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇੰਨੀ ਵੱਡੀ ਸੰਖਿਆ ਅੰਦਰੋਂ ਮੋਬਾਇਲ ਫੋਨਾਂ ਦੇ ਮਿਲਣ ਨਾਲ ਜਿਥੇ ਜੇਲ ਪ੍ਰਸ਼ਾਸਨ ਅਲਰਟ ਹੋ ਗਿਆ ਹੈ, ਉਥੇ ਪਟਿਆਲਾ ਪੁਲਸ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾÎਣਾ ਤ੍ਰਿਪੜੀ ਦੀ ਪੁਲਸ ਨੇ ਇਸ ਮਾਮਲੇ ਵਿਚ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਮੋਬਾਇਲ ਮਿਲਣ ਦੇ ਮਾਮਲੇ 'ਚ ਹਵਾਲਾਤੀ ਸੁਖਚੈਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਉਲਕਾ ਜ਼ਿਲਾ ਮਾਨਸਾ, ਹਵਾਲਾਤੀ ਨਰੇਸ਼ ਨਾਰੰਗ ਪੁੱਤਰ ਈਸ਼ਵਰ ਸਿੰਘ ਵਾਸੀ ਗੁਰੂ ਨਾਨਕ ਨਗਰ ਬਸਤੀਆਂ ਸੰਗਰੀਆਂ ਜ਼ਿਲਾ ਹਨੂੰਮਾਨਗੜ੍ਹ (ਰਾਜਸਥਾਨ) ਅਤੇ ਕੈਦੀ ਸੁਨੀਲ ਕਾਲੜਾ ਪੁੱਤਰ ਸੁਦਰਸ਼ਨ ਸਿੰਘ ਕਾਲੜਾ ਵਾਸੀ ਫੋਕਲ ਪੁਆਇੰਟ ਲੁਧਿਆਣਾ ਖਿਲਾਫ 52-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਸੁਖਚੈਨ ਸਿੰਘ ਤੋਂ ਇੱਕ ਮੋਬਾਇਲ ਫੋਨ ਸਮੇਤ ਸਿਮ, ਨਰੇਸ਼ ਨਾਰੰਗ ਤੋਂ ਇੱਕ ਫੋਨ ਇੱਕ ਸਿਮ, ਸੁਨੀਲ ਕਾਲੜਾ ਤੋਂ ਇੱਕ ਮੋਬਾਇਲ ਫੋਨ ਅਤੇ 2 ਸਿਮਾਂ ਅਤੇ ਬਾਕੀ 4 ਹੋਰ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇੱਕ ਪਲਵਿੰਦਰ ਪਿੰਦਾ ਦੀ ਚੱਕੀ 'ਚੋਂ ਵੀ ਬਰਾਮਦ ਕੀਤਾ ਗਿਆ ਹੈ। ਜੇਲ ਸੁਪਰਡੈਂਟ ਜਸਪਾਲ ਸਿੰਘ ਨੇ ਦੱਸਿਆ ਕਿ ਜਿਹੜੇ 4 ਮੋਬਾਇਲ ਫੋਨ ਹੋਰਨਾਂ ਥਾਵਾਂ ਤੋਂ ਬਰਾਮਦ ਕੀਤੇ ਗਏ ਹਨ, ਉਨ੍ਹਾਂ ਵਿਚੋਂ ਇੱਕ ਮੋਬਾਇਲ ਫੋਨ ਪਲਵਿੰਦਰ ਪਿੰਦਾ ਦੀ ਚੱਕੀ 'ਚੋਂ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨੇ ਮੋਬਾਇਲ ਫੋਨ ਕਿਸ ਤਰ੍ਹਾਂ ਅੰਦਰ ਗਏ? ਇਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ 27 ਨਵੰਬਰ ਨੂੰ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਤੋੜ ਕੇ ਜਿਹੜੇ 6 ਵਿਅਕਤੀਆਂ ਨੂੰ ਭਜਾਇਆ ਗਿਆ ਸੀ, ਪਲਵਿੰਦਰ ਪਿੰਦਾ ਉਸ ਦਾ ਮਾਸਟਰ ਮਾਈਂਡ ਹੈ।