ਕੰਮ ਨਾ ਮਿਲਣ ''ਤੇ ਮਨਰੇਗਾ ਮਜ਼ਦੂਰਾਂ ਨੇ ਦਿੱਤਾ ਧਰਨਾ

12/26/2017 12:25:26 AM

ਤਪਾ ਮੰਡੀ, (ਮਾਰਕੰਡਾ)- ਨੇੜਲੇ ਪਿੰਡ ਬੱਲੋ 'ਚ ਮਨਰੇਗਾ ਮਜ਼ਦੂਰਾਂ ਨੇ ਪਿੰਡ ਦੇ ਸਰਕਾਰੀ ਸਕੂਲ 'ਚ ਇਕੱਠੇ ਹੋ ਕੇ ਕੰਮ ਨਾ ਮਿਲਣ 'ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ।
ਇਸ ਮੌਕੇ ਮਨਰੇਗਾ ਮਜ਼ਦੂਰ ਸਮਿਤੀ ਦੇ ਪ੍ਰਧਾਨ ਕੇਵਲ ਸਿੰਘ, ਉਪ-ਪ੍ਰਧਾਨ ਭਗਵਾਨ ਸਿੰਘ, ਸਕੱਤਰ ਕੁਲਦੀਪ ਸਿੰਘ ਤੇ ਜਗਤਾਰ ਸਿੰਘ ਪੰਚ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਦੇਣ ਦਾ ਵਾਅਦਾ ਕੀਤਾ ਸੀ ਪਰ ਮਜ਼ਦੂਰਾਂ ਨੂੰ ਪੂਰੇ ਦਿਨ ਕੰਮ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਡੇ ਪਏ ਹਨ।
ਸੈਕਟਰੀ 'ਤੇ ਜਾਣਬੁੱਝ ਕੇ ਕੰਮ ਨਾ ਦੇਣ ਦਾ ਦੋਸ਼
ਇਸ ਮੌਕੇ 200 ਤੋਂ ਵੱਧ ਮਜ਼ਦੂਰਾਂ ਨੇ ਸੰਬੰਧਤ ਸੈਕਟਰੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਜਾਣਬੁੱਝ ਕੇ ਮਜ਼ਦੂਰਾਂ ਨੂੰ ਕੰਮ ਨਹੀਂ ਦੇ ਰਿਹਾ। ਪੰਚਾਇਤ ਸੈਕਟਰੀ ਪਹਿਲਾਂ ਤਾਂ 7-7 ਦਿਨ ਦਾ ਐਸਟੀਮੇਟ ਬਣਾ ਕੇ ਮਜ਼ਦੂਰਾਂ ਨੂੰ ਕੰਮ 'ਤੇ ਬੁਲਾ ਲੈਂਦਾ ਹੈ ਤੇ ਫਿਰ 3 ਦਿਨ ਕੰਮ ਕਰਵਾ ਕੇ ਭੇਜ ਦਿੰਦਾ ਹੈ, ਜਿਸ ਦੇ ਰੋਸ ਵਜੋਂ ਅੱਜ ਮਜ਼ਦੂਰਾਂ ਨੇ ਨਾਅਰੇਬਾਜ਼ੀ ਕੀਤੀ।
...ਨਹੀਂ ਤਾਂ ਸੜਕਾਂ 'ਤੇ ਉੱਤਰਨਗੇ ਮਜ਼ਦੂਰ
ਇਸ ਮੌਕੇ ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਮਜ਼ਦੂਰਾਂ ਨੂੰ ਪੂਰੇ ਦਿਨ ਕੰਮ ਦਿੱਤਾ ਜਾਵੇ, ਨਹੀਂ ਤਾਂ ਉਹ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਗੇ।
ਕੀ ਕਹਿੰਦੇ ਹਨ ਸੈਕਟਰੀ
ਦੂਜੇ ਪਾਸੇ, ਸੰਬੰਧਤ ਸੈਕਟਰੀ ਦਾ ਕਹਿਣਾ ਹੈ ਕਿ ਸਰਕਾਰ ਦੇ ਨਿਯਮਾਂ ਮੁਤਾਬਕ ਅਸੀਂ ਹੋਰ ਕੰਮ ਨਹੀਂ ਕਰਵਾ ਸਕਦੇ ਪਰ ਅੱਗਿਓਂ ਮਜ਼ਦੂਰਾਂ ਨੂੰ ਜਲਦ ਹੀ ਕੰਮ ਦਿੱਤਾ ਜਾਵੇਗਾ। ਮਜ਼ਦੂਰ ਮੇਰੇ 'ਤੇ ਜੋ ਦੋਸ਼ ਲਾ ਰਹੇ ਹਨ, ਉਹ ਬਿਲਕੁਲ ਝੂਠੇ ਹਨ।
ਕੌਣ-ਕੌਣ ਸਨ ਸ਼ਾਮਲ
ਇਸ ਮੌਕੇ ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਗਗਨਦੀਪ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਅਜਮੇਰ ਸਿੰਘ, ਸਾਧੂ ਸਿੰਘ, ਮੱਘਰ ਸਿੰਘ ਸਾਬਕਾ ਮੈਂਬਰ, ਚਰਨਾ ਸਿੰਘ, ਭਗਵਾਨ ਸਿੰਘ, ਆਤਮਾ ਸਿੰਘ, ਰੂਪ ਸਿੰਘ, ਜੀਤ ਸਿੰਘ, ਨਛੱਤਰ ਸਿੰਘ, ਗੁਰਜੰਟ ਸਿੰਘ, ਬਿੱਕਰ ਸਿੰਘ, ਸੁਰਜੀਤ ਸਿੰਘ, ਸੰਧੂਰਾ ਸਿੰਘ, ਰਾਮਾ ਸਿੰਘ, ਹਰਦਿਆਲ ਸਿੰਘ, ਪਿਆਰਾ ਸਿੰਘ, ਕ੍ਰਿਸ਼ਨ ਦੇਵ, ਸੋਹਣਾ ਸਿੰਘ, ਬਿੱਲੂ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਮਜ਼ਦੂਰ ਔਰਤਾਂ।