ਵਿਧਾਇਕ ਵੱਲੋਂ ਅਨਾਜ ਮੰਡੀਆਂ ਦਾ ਦੌਰਾ

04/23/2018 12:36:29 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,  (ਬਾਵਾ/ਜਗਸੀਰ)-  ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਹਲਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ, ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਜਾਣਕਾਰੀ ਹਾਸਲ ਕੀਤੀ। ਇਸ ਦੌਰੇ ਦੌਰਾਨ ਘੋਲੀਆ ਖੁਰਦ ਮੰਡੀ 'ਚ ਕਣਕ ਦੀ ਸੁਸਤ ਖਰੀਦ, ਲਿਫਟਿੰਗ ਅਤੇ ਬਾਰਦਾਨੇ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ।   ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਚੁਕਾਈ ਬਹੁਤ ਹੀ ਸੁਸਤ ਚੱਲ ਰਹੀ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਕੱਚੀ ਥਾਂ ਢੇਰੀ ਕਰਨੀ ਪੈ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਸਾਫ ਕੀਤੀਆਂ ਢੇਰੀਆਂ ਦੀ ਤੁਲਾਈ ਵੀ ਰੁਕੀ ਹੋਈ ਹੈ। ਇਸ ਸਮੇਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰ ਕੇ ਇਸ ਮੰਡੀ 'ਚ ਬਾਰਦਾਨਾ ਅਤੇ ਚੁਕਾਈ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਅਤੇ ਉਨ੍ਹਾਂ ਹਲਕੇ ਦੇ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਬੇਨਤੀ ਵੀ ਕੀਤੀ ਕਿ ਜੇਕਰ ਕਿਸੇ ਵੀ ਮੰਡੀ 'ਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਮੇਰੇ ਧਿਆਨ 'ਚ ਲਿਆਂਦਾ ਜਾਵੇ।
ਇਸ ਸਮੇਂ ਕਿਸਾਨ ਆਗੂ ਬਲਵਿੰਦਰ ਸਿੰਘ ਘੋਲੀਆ, ਸੁੱਖੀ ਰਾਊਕੇ, ਲਛਮਣ ਰਾਊਕੇ, ਇਕੱਤਰ ਸਿੰਘ ਮਾਣੂੰਕੇ, ਬੱਬੂ ਘੋਲੀਆ, ਲਖਵੀਰ ਸਿੰਘ, ਮੰਗਲ ਸਿੰਘ ਸਿੰਘ, ਬੇਅੰਤ ਸਿੰਘ, ਮਿੱਠਾ ਸਿੰਘ ਆਦਿ ਹਾਜ਼ਰ ਸਨ।