ਸਾਬਕਾ ਅਕਾਲੀ ਵਿਧਾਇਕ ਦੇ ਪੁੱਤਰਾਂ ਦਾ ਦੋ ਦਿਨਾ ਪੁਲਸ ਰਿਮਾਂਡ

01/14/2018 6:36:17 AM

ਫਿਰੋਜ਼ਪੁਰ (ਜ. ਬ.) - ਬਾਦਲਾਂ ਦੀ ਪਿਛਲੀ ਸਰਕਾਰ ਦੌਰਾਨ ਸ਼੍ਰੋਮਣੀ  ਅਕਾਲੀ ਦਲ ਦੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਦੇ ਦੋਵਾਂ ਪੁੱਤਰਾਂ, ਜਿਨ੍ਹਾਂ ਨੇ ਕੰਟੋਨਮੈਂਟ ਬੋਰਡ ਮੈਂਬਰ ਜ਼ੋਰਾ ਸਿੰਘ ਸੰਧੂ ਵੱਲੋਂ ਦਾਖਲ ਕਰਵਾਈ ਇਕ ਸ਼ਿਕਾਇਤ ਦੇ ਕੇਸ ਵਿਚ ਸ਼ਨੀਵਾਰ ਨੂੰ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ, ਦੀ ਅੱਗੋਂ ਜਾਂਚ ਲਈ ਪੁਲਸ ਨੇ ਇਨ੍ਹਾਂ ਦਾ ਦੋ ਦਿਨਾ ਰਿਮਾਂਡ ਹਾਸਲ ਕਰ ਲਿਆ ਹੈ। ਇਨ੍ਹਾਂ 'ਤੇ ਜ਼ੋਰਾ ਸਿੰਘ ਸੰਧੂ 'ਤੇ 5 ਜੂਨ 2017 ਨੂੰ ਇਕ ਮੀਟਿੰਗ ਤੋਂ ਬਾਅਦ ਹਮਲਾ ਕੀਤੇ ਜਾਣ ਦਾ ਅਤੇ ਸਿੱਖਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੀ ਬੇਅਦਬੀ ਕਰਨ ਦਾ ਕਥਿਤ ਦੋਸ਼ ਹੈ।
ਕੇਸ ਦਰਜ ਹੋਣ ਤੋਂ ਬਾਅਦ ਦੋਵੇਂ ਪੁੱਤਰ-ਸੁਰਿੰਦਰ ਸਿੰਘ ਬੱਬੂ ਪ੍ਰਧਾਨ ਜ਼ਿਲਾ ਐੱਸ. ਸੀ. ਵਿੰਗ ਯੂਥ ਅਕਾਲੀ ਦਲ, ਜੋ ਕੰਟੋਨਮੈਂਟ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ ਅਤੇ ਰੋਹਿਤ ਗਿੱਲ ਕੈਂਟ ਬੋਰਡ ਮੈਂਬਰ ਅਦਾਲਤਾਂ ਤੋਂ ਜ਼ਮਾਨਤ ਲੈਣ ਦੇ ਯਤਨ ਕਰਦੇ ਰਹੇ ਹਨ ਪਰ ਹਾਈ ਕੋਰਟ ਵੱਲੋਂ ਇਨ੍ਹਾਂ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਸੀ। ਇਥੋਂ ਤੱਕ ਕਿ ਜਾਂਚ-ਪੜਤਾਲ ਡੀ. ਜੀ. ਪੀ. ਦੇ ਹਵਾਲੇ ਕਰ ਦਿੱਤੀ ਗਈ ਸੀ। ਕੇਸ ਨੂੰ ਰੱਦ ਕਰਨ ਬਾਰੇ ਇਕ ਪਟੀਸ਼ਨ ਹਾਈ ਕੋਰਟ ਵਿਚ ਵੀ ਦਾਖਲ ਕੀਤੀ ਗਈ ਅਤੇ ਇਸ ਦੀ ਤਰੀਕ 23 ਜਨਵਰੀ ਮਿੱਥੀ ਗਈ।
ਸੂਤਰਾਂ ਅਨੁਸਾਰ ਜਾਂਚ ਦੌਰਾਨ ਕੁਝ ਧਾਰਾਵਾਂ ਨੂੰ ਪੁਲਸ ਵੱਲੋਂ ਹਟਾ ਲਿਆ ਗਿਆ ਹੈ ਪਰ ਸਿੱਖਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੀ ਬੇਅਦਬੀ ਦੇ ਦੋਸ਼ਾਂ ਦਾ ਸਟੇਟਸ ਅਣਛੂਹਿਆ ਰੱਖਿਆ ਗਿਆ। ਪੁਲਸ ਦੇ ਕਿਸੇ ਸੂਤਰ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਪਰ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਇਨ੍ਹਾਂ ਦੋਵਾਂ ਪੁੱਤਰਾਂ ਨੇ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਅਤੇ ਜਸਟਿਸ ਦੀਪਾਲ ਸਿੰਘ ਦੀ ਅਦਾਲਤ ਵਿਚ ਇਨ੍ਹਾਂ ਨੂੰ ਪੇਸ਼ ਕੀਤਾ ਗਿਆ, ਜਿਥੇ ਇਨ੍ਹਾਂ ਦਾ ਦੋ ਦਿਨਾ ਪੁਲਸ ਰਿਮਾਂਡ ਦੇ ਦਿੱਤਾ ਗਿਆ।