ਵਿਧਾਇਕ ਆਵਲਾ ਨੇ ਮਤਰੇਈ ਮਾਂ ਦੇ ਜ਼ੁਲਮਾਂ ਤੋਂ ਬੱਚੀ ਨੂੰ ਛੁਡਵਾਇਆ, ਚੁੱਕਿਆ ਪੜ੍ਹਾਈ ਦਾ ਖਰਚਾ

04/24/2020 8:31:34 PM

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਹਲਕਾ ਵਿਧਾਇਕ ਰਮਿੰਦਰ ਆਵਲਾ ਅਕਸਰ ਹੀ ਸੇਵਾ ਭਾਵਨਾ ਨਾਲ ਜਾਣੇ ਜਾਂਦੇ ਹਨ ਅਤੇ ਇੱਕ ਅਜਿਹੀ ਮਿਸਾਲ ਪਿੰਡ ਟਿੱਬਾ ਰੱਤਾਥੇੜਾ 'ਚ ਪੇਸ਼ ਕੀਤੀ ਜਿੱਥੇ ਨਾ ਸਿਰਫ ਇੱਕ ਪਿਤਾ ਤੇ ਮਤਰੇਈ ਮਾਂ ਵੱਲੋਂ 7 ਸਾਲਾ ਮਾਸੂਮ ਬੱਚੀ ਨੂੰ ਘਰ 'ਚ ਕੈਦ ਕਰਕੇ ਉਸ 'ਤੇ ਹੋ ਰਹੇ ਜ਼ੁਲਮਾਂ ਨੂੰ ਰੋਕਿਆ, ਸਗੋਂ ਉਸ ਦੀ ਪੜ੍ਹਾਈ ਦਾ ਖਰਚ ਵੀ ਚੁੱਕਣ ਦਾ ਫੈਸਲਾ ਲਿਆ। ਇੰਨਾ ਹੀ ਨਹੀਂ ਵਿਧਾਇਕ ਵਲੋਂ ਥਾਣਾ ਵੈਰੋਕਾ ਪੁਲਸ ਨੂੰ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ। ਇਥੇ ਦੱਸ ਦੇਈਏ ਕਿ ਬੱਚੀ ਨਾਲ ਹੋ ਰਹੇ ਅੱਤਿਆਚਾਰ ਦੀ ਵੀਡਿਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ ਤੋਂ ਬਾਅਦ ਵਿਧਾਇਕ ਨੇ ਇਸ ਬੱਚੀ ਨੂੰ ਕੈਦ 'ਚੋਂ ਛੁਡਵਾਇਆ। 
ਜਾਣਕਾਰੀ ਮੁਤਾਬਕ ਸਤਨਾਮ ਸਿੰਘ ਵਾਸੀ ਰੱਤਾਖੇੜਾ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਸੀ ਪਰ ਵਿਆਹ ਤੋਂ ਕੁੱਝ ਸਮੇਂ ਬਾਅਦ ਆਪਸ 'ਚ ਤਕਰਾਰ ਰਹਿਣ ਕਾਰਣ ਦੋਹਾਂ ਨੇ ਅਲੱਗ ਹੋਣ ਦਾ ਫੈਸਲਾ ਲੈ ਲਿਆ ਅਤੇ ਮਨਪ੍ਰੀਤ ਪੇਕਿਆਂ ਦੇ ਰਹਿਣ ਲੱਗੀ।

ਬਾਅਦ ਵਿੱਚ ਮਨਪ੍ਰੀਤ ਕੌਰ ਦਾ ਦੂਜਾ ਵਿਆਹ ਹੋ ਗਿਆ ਪਰ ਇਸ ਦੌਰਾਨ ਉਸ ਦੀ ਬੱਚੀ, ਜੋ ਕਿ 2 ਸਾਲ ਦੀ ਸੀ, ਪਿਤਾ ਕੋਲ ਰਹਿ ਗਈ। ਕੁੱਝ ਸਮੇਂ ਬਾਅਦ ਉਸ ਨੇ ਸੰਦੀਪ ਕੌਰ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਤੋਂ ਬਾਅਦ ਮਾਸੂਮ ਬੱਚੀ ਨਾਲ ਅੱਤਿਆਚਾਰ ਹੋਣ ਲੱਗਾ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਹੈ। ਇਸੇ ਦੌਰਾਨ ਇੱਕ ਇੱਕ ਵੀਡਿਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਜਿਵੇਂ ਹੀ ਇਹ ਵੀਡਿਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਹਲਕਾ ਵਿਧਾਇਕ ਰਮਿੰਦਰ ਆਵਲਾ ਪਿੰਡ ਪਹੁੰਚੇ ਅਤੇ ਉਨ੍ਹਾਂ ਨੇ ਨਾਲ ਹੀ ਥਾਣਾ ਵੈਰੋਕਾ ਨੂੰ ਸੂਚਿਤ ਕਰਦੇ ਹੋਏ 7 ਸਾਲਾ ਲੜਕੀ ਰਮਨਦੀਪ ਕੌਰ ਨੂੰ ਰੋੜਾਂਵਾਲੀ 'ਚ ਰਹਿ ਰਹੀ ਸਗੀ ਮਾਂ ਨੂੰ ਸੌਂਪ ਦਿੱਤਾ ਅਤੇ ਉਸ ਦੇ ਵੱਡੇ ਹੋਣ ਤੱਕ ਪੜ੍ਹਾਈ ਦਾ ਪੂਰਾ ਖਰਚ ਵੀ ਚੁੱਕਣ ਦੀ ਗੱਲ ਕਹੀ। ਉਧਰ ਥਾਣਾ ਵੈਰੋਕਾ ਪੁਲਸ ਦੇ ਮੁਖੀ ਕੁਲਦੀਪ ਸ਼ਰਮਾ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 
 

Babita

This news is Content Editor Babita