ਕਾਂਗਰਸ ਸਰਕਾਰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦ੍ਰਿੜ੍ਹ ਹੈ: ਨਵਤੇਜ ਚੀਮਾ

03/03/2018 1:21:32 PM

ਸੁਲਤਾਨਪੁਰ ਲੋਧੀ (ਧੀਰ)— ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਸਬੰਧੀ ਕੀਤੇ ਐਲਾਨ ਤਹਿਤ ਕੋਈ ਵੀ ਲੋੜਵੰਦ ਕਿਸਾਨ ਕਰਜ਼ੇ ਦੀ ਮੁਆਫੀ ਤੋਂ ਵਾਂਝਾ ਨਾ ਰਹਿ ਜਾਵੇ ਦੇ ਤਹਿਤ ਵੀਰਵਾਰ ਹਲਕਾ ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਿਰਦੇਸ਼ਾਂ ਹੇਠ ਦਫਤਰ ਕਾਂਗਰਸ ਵਿਖੇ ਇਕ ਕਰਜ਼ਾ ਮੁਆਫੀ ਫਾਰਮ ਭਰਨ ਸਬੰਧੀ ਇਕ ਕੈਂਪ ਲਾਇਆ ਗਿਆ। ਜਿਸ ਦੀ ਪ੍ਰਧਾਨਗੀ ਦਫਤਰ ਇੰਚਾਰਜ ਸਤਿੰਦਰ ਸਿੰਘ ਚੀਮਾ ਨੇ ਕੀਤੀ। ਵੱਡੀ ਗਿਣਤੀ 'ਚ ਕਿਸਾਨਾਂ ਨੇ ਪਹੁੰਚ ਕੇ ਸਵੈਘੋਸ਼ਨਾ ਪੱਤਰ ਰਾਹੀਂ ਆਪਣੇ ਫਾਰਮ ਭਰੇ ਤੇ ਜ਼ਰੂਰੀ ਦਸਤਾਵੇਜ਼ ਵੀ ਜਮ੍ਹਾ ਕਰਵਾਏ। 
ਦਫਤਰ ਇੰਚਾਰਜ ਸਤਿੰਦਰ ਸਿੰਘ ਚੀਮਾ, ਪੀ. ਏ. ਰਵਿੰਦਰ ਰਵੀ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਆਪਣੇ ਚੋਣਾਂ ਮੌਕੇ ਕੀਤੇ ਕਿਸਾਨਾਂ ਦੇ ਕਰਜ਼ੇ ਮੁਆਫ ਸਬੰਧੀ ਜੋ ਐਲਾਨ ਕੀਤਾ ਸੀ ਉਸ ਅਨੁਸਾਰ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਜਿਨ੍ਹਾਂ ਨੇ ਸੁਸਾਇਟੀਆਂ ਰਾਹੀਂ ਕਰਜ਼ਾ ਲਿਆ ਹੈ, ਉਹ ਆਪਣੇ ਆਧਾਰ ਕਾਰਡ 'ਤੇ ਕਰਜ਼ੇ ਦੀ ਰਾਸ਼ੀ ਸਬੰਧੀ ਸਾਰੇ ਕਾਗਜ਼ਾਤ ਸਵੈਘੋਸ਼ਣਾ ਪੱਤਰ ਦੇ ਨਾਲ ਨੱਥੀ ਕਰਨ। ਉਨ੍ਹਾਂ ਨੇ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਇਹੋ ਹੈ ਕਿ ਕੋਈ ਵੀ ਕਿਸਾਨ ਇਹ ਸੁਵਿਧਾ ਪ੍ਰਾਪਤ ਕਰਨ ਤੋਂ ਰਹਿ ਨਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕਾਰਜ 'ਚ ਪੂਰੀ ਤਰ੍ਹਾਂ ਪਾਰਦਰਸ਼ੀ ਵਰਤੀ ਜਾ ਰਹੀ ਹੈ ਤਾਂ ਕਿ ਇਸ ਘੋਸ਼ਣਾ ਤਹਿਤ ਉਹ ਕਿਸਾਨ ਫਾਇਦਾ ਨਾ ਲੈ ਜਾਵੇ, ਜਿਸ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਅਤੇ ਉਹ ਕਿਸਾਨ ਸੁਵਿਧਾ ਤੋਂ ਵਾਂਝੇ ਰਹਿ ਜਾਣ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੋਵੇ। 
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦ੍ਰਿੜ੍ਹ ਹੈ ਅਤੇ ਜੋ ਵਾਅਦੇ ਕੈਪਟਨ ਸਰਕਾਰ ਨੇ ਕੀਤੇ ਹਨ, ਉਨ੍ਹਾਂ ਸਾਰਿਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੀ. ਕਾਂਗਰਸ ਆਗੂ ਹਰਚਰਨ ਸਿੰਘ ਬੱਗਾ, ਜ਼ਿਲਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਜਗਜੀਤ ਸਿੰਘ ਚੰਦੀ ਸਕੱਤਰ ਕਿਸਾਨ ਸੈੱਲ ਕਾਂਗਰਸ, ਰਾਜੂ ਢਿੱਲੋਂ ਸਲਾਹਕਾਰ ਮੁਖਤਾਰ ਸਿੰਘ ਭਗਤਪੁਰ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਪੀ. ਏ. ਆਦਿ ਵੀ ਹਾਜ਼ਰ ਸਨ।