ਵਿਧਾਇਕ ਚੀਮਾ ਨੇ ਕੈਪਟਨ ਸਾਹਿਬ ਨੂੰ ਗੁਰਦਾਸਪੁਰ ਚੋਣ ਦੀ ਜਿੱਤ ਦੀ ਦਿੱਤੀ ਮੁਬਾਰਕਬਾਦ

10/18/2017 4:11:24 AM

ਸੁਲਤਾਨਪੁਰ ਲੋਧੀ, (ਧੀਰ)- ਗੁਰਦਾਸਪੁਰ ਸੰਸਦੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਾਖੜ ਦੀ ਇਤਿਹਾਸਕ ਜਿੱਤ 'ਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਚੇਚੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਤੁਹਾਡੀ ਅਗਵਾਈ 'ਚ ਹੋਈ ਪਹਿਲੀ ਚੋਣ ਨੇ ਹੀ ਸਾਰੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਚਾਰੋਂ-ਖਾਨੇ ਚਿੱਤ ਕਰਕੇ ਜੋ ਸਫਲਤਾ ਦੁਆਈ ਹੈ, ਉਸ ਨਾਲ ਕਾਂਗਰਸ ਪਾਰਟੀ ਦੇ ਹਰੇਕ ਵਰਕਰ ਤੇ ਆਗੂ 'ਚ ਇਕ ਨਵੀਂ ਰੂਹ ਦਾ ਸੰਚਾਰ ਹੋਇਆ ਹੈ। ਉਨ੍ਹਾਂ ਕੈਪਟਨ ਸਾਹਿਬ ਨੂੰ ਸੰਸਦੀ ਚੋਣ 'ਚ ਜਾਖੜ ਦੇ ਪੱਖ 'ਚ ਪ੍ਰਚਾਰ ਕਰਨ ਵਾਲੇ ਆਪਣੇ ਹਲਕੇ ਦੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਪਾਰਟੀ ਨੂੰ ਉਮੀਦਵਾਰ ਜਾਖੜ ਬੇਸ਼ੁਮਾਰ ਵੋਟਾਂ ਪਾ ਕੇ ਲੋਕਾਂ ਨੇ ਤੁਹਾਡੇ ਵਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਆਪਣੀ ਪੁਸ਼ਟੀ ਦੀ ਮੋਹਰ ਲੱਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਵੀ ਸੂਬੇ ਦੇ ਲੋਕਾਂ ਨਾਲ ਚੋਣਾਂ ਮੌਕੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ 'ਚ ਅਕਾਲੀ-ਭਾਜਪਾ ਦਾ ਬੋਰੀਆ ਬਿਸਤਰਾ ਪੂਰੀ ਤਰ੍ਹਾਂ ਗੋਲ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦਾ ਮੁਖੀ ਅਰਵਿੰਦਰ ਕੇਜਰੀਵਾਲ ਹੀ ਆਪਣੇ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਨਹੀਂ ਆ ਸਕਿਆ, ਕਿਉਂਕਿ ਕੇਜਰੀਵਾਲ ਨੂੰ ਪਤਾ ਸੀ ਕਿ ਪਾਰਟੀ ਦੀ ਬਹੁਤ ਬੁਰੀ ਹਾਰ ਹੋਈ ਹੈ। ਮੁੱਖ ਮੰਤਰੀ ਕੈਪਟਨ ਸਾਹਿਬ ਨੇ ਚੀਮਾ ਨੂੰ ਥਾਪੜਾ ਦਿੰਦੇ ਕਿਹਾ ਕਿ ਘਬਰਾਓ ਨਾ, ਤੁਹਾਡੇ ਹਲਕੇ ਪਵਿੱਤਰ ਨਗਰੀ 'ਚ ਗੁਰਪੁਰਬ ਮੌਕੇ 550 ਸਾਲਾ ਸ਼ਤਾਬਦੀ ਸਮਾਗਮ ਸਬੰਧੀ ਕੋਈ ਕਸਰ ਨਹੀਂ ਰਹਿਣ ਦੇਵਾਂਗੇ।