18 ਦਿਨਾਂ ਤੋਂ ਲਾਪਤਾ ਨੌਜਵਾਨ ਬਾਰੇ ਪੁਲਸ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ

11/01/2019 1:50:41 AM

ਲੁਧਿਆਣਾ,(ਤਰੁਣ): 14 ਅਕਤੂਬਰ ਦੀ ਦੁਪਹਿਰ ਨੂੰ ਚੇਤਨ ਨਿਵਾਸੀ ਨੇੜੇ ਮੁਹੱਲਾ, ਪ੍ਰਤਾਪ ਬਾਜ਼ਾਰ ਆਪਣੇ ਘਰੋਂ ਨਿਕਲਿਆ ਪਰ 18 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਘਰ ਨਹੀਂ ਪਰਤਿਆ। ਜਦ ਕਿ ਲਾਪਤਾ ਨੌਜਵਾਨ ਦੀ ਮਾਂ ਤੇ ਹੋਰ ਪਰਿਵਾਰ ਰਿਸ਼ਤੇਦਾਰ ਬੇਟੇ ਦੇ ਲਾਪਤਾ ਹੋਣ ਤੋਂ ਬਾਅਦ ਪੁਲਸ ਦੇ ਲਗਾਤਾਰ ਕਈ ਗੇੜੇ ਕੱਢ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਹੈ। ਪੁਲਸ ਉਸ ਦੇ ਬੇਟੇ ਦੀ ਭਾਲ ਤੱਕ ਨਹੀਂ ਕਰ ਰਹੀ। ਇੰਨਾ ਹੀ ਨਹੀਂ, ਥਾਣਾ ਮੁਖੀ ਨੂੰ ਉਨ੍ਹਾਂ ਦੇ ਬੇਟੇ ਸਬੰਧੀ ਕੋਈ ਜਾਣਕਾਰੀ ਤੱਕ ਨਹੀਂ। ਕਾਰਵਾਈ ਦੇ ਨਾਂ 'ਤੇ ਇਕ ਮੁਲਾਜ਼ਮ ਨੇ ਖਾਨਾਪੂਰਤੀ ਲਈ ਸਿਰਫ ਕੇਸ ਦਰਜ ਕਰ ਲਿਆ ਹੈ।

ਚੇਤਨ ਦੀ ਮਾਂ ਦਾ ਦੋਸ਼ ਹੈ ਕਿ ਜਿਸ ਦੁਕਾਨ ਵਿਚ ਚੇਤਨ ਕੰਮ ਕਰਦਾ ਸੀ, ਉਸ ਦੁਕਾਨ ਦੇ ਮਾਲਕ ਨੇ ਚੇਤਨ ਦੇ ਨਾਲ ਜੰਮ ਕੇ ਕੁੱਟ-ਮਾਰ ਕੀਤੀ ਸੀ। ਚੇਤਨ ਇਸ ਲਈ ਕੰਮ 'ਤੇ ਨਹੀਂ ਗਿਆ ਸੀ ਕਿ ਉਸ ਨੇ ਮਾਲਕ ਤੋਂ 6 ਹਜ਼ਾਰ ਦੀ ਮੰਗ ਕੀਤੀ ਸੀ ਪਰ ਮਾਲਕ ਨੇ ਉਸ ਨੂੰ 4 ਹਜ਼ਾਰ ਦਿੱਤੇ ਸਨ। ਜਿਸ ਤੋਂ ਬਾਅਦ ਉਹ ਕੰਮ 'ਤੇ ਨਹੀਂ ਗਿਆ ਤਾਂ ਦੁਕਾਨ ਮਾਲਕ ਨੇ ਚੇਤਨ ਦੇ ਘਰ ਵਿਚ ਦਾਖਲ ਹੋ ਕੇ ਜੰਮ ਕੇ ਕੁੱਟ-ਮਾਰ ਕੀਤੀ। ਚੇਤਨ ਦੇ ਨਾਲ 8 ਅਕਤੂਬਰ ਦੀ ਸਵੇਰ ਕੁੱਟ-ਮਾਰ ਹੋਈ ਸੀ, ਜਿਸ ਤੋਂ ਬਾਅਦ ਤੋਂ ਉਹ ਕੰਮ 'ਤੇ ਨਹੀਂ ਗਿਆ। ਚੇਤਨ ਆਪਣੀ ਪਤਨੀ ਅਤੇ 2 ਮਹੀਨੇ ਦੀ ਬੱਚੀ ਦੇ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਸ ਦੀ ਪਤਨੀ ਨਾਰਾਜ਼ ਹੋ ਕੇ ਪੇਕੇ ਜਾ ਕੇ ਰਹਿਣ ਲੱਗੀ। ਉਸ ਦੀ ਪਤਨੀ ਵੀ ਪਤੀ ਤੋਂ ਵੱਖ ਰਹਿਣ ਦਾ ਦਬਾਅ ਪਾਉਂਦੀ ਸੀ। ਇਸ ਸਬੰਧੀ ਥਾਣਾ ਮੁਖੀ ਸਤਵੰਤ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਪੁਲਸ ਨੇ ਚੇਤਨ ਦੇ ਲਾਪਤਾ ਹੋਣ ਸਬੰਧੀ ਪਰਚਾ ਦਰਜ ਕਰ ਲਿਆ ਹੈ। ਕੇਸ ਦੀ ਜਾਂਚ ਉਨ੍ਹਾਂ ਦੇ ਥਾਣੇ ਦਾ ਇਕ ਮੁਲਾਜ਼ਮ ਕਰ ਰਿਹਾ ਹੈ ਜਿਸ ਤੋਂ ਪੁੱਛਕੇ ਦੱਸਦਾ ਹਾਂ।