6 ਦਿਨਾਂ ਤੋਂ ਲਾਪਤਾ 17 ਸਾਲਾ ਲੜਕੀ ਦੀ ਲਾਸ਼ ਮਿਲੀ, ਰੇਪ ਤੋਂ ਬਾਅਦ ਚਾਕੂ ਮਾਰੇ !

11/15/2017 7:58:16 AM

ਮੋਹਾਲੀ  (ਰਾਣਾ) - ਸੈਕਟਰ-69 ਸਥਿਤ ਇਕ ਮਸ਼ਹੂਰ ਹਸਪਤਾਲ ਦੇ ਸਾਹਮਣੇ ਜੰਗਲੀ ਏਰੀਏ ਤੋਂ ਲੜਕੀ ਦੀ ਲਾਸ਼ ਮਿਲੀ, ਜਿਸ 'ਤੇ ਚਾਕੂ ਦੇ ਚਾਰ ਨਿਸ਼ਾਨ ਹਨ। ਲਾਸ਼ ਗਲੀ ਹੋਈ ਹੈ ਤੇ ਉਸਦੀ ਪਛਾਣ ਇਕ 17 ਸਾਲਾ ਨਾਬਾਲਿਗ ਲੜਕੀ ਦੇ ਰੂਪ 'ਚ ਹੋਈ ਹੈ। ਉਹ 9 ਨਵੰਬਰ ਤੋਂ ਲਾਪਤਾ ਸੀ। ਉਹ ਸੈਕਟਰ-69 'ਚ ਇਕ ਵਕੀਲ ਦੇ ਘਰ ਕੇਅਰ ਟੇਕਰ ਦਾ ਕੰਮ ਕਰਦੀ ਸੀ। ਉਥੇ ਹੀ ਥਾਣਾ ਫੇਜ਼-8 ਦੀ ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨਾਲ ਪਹਿਲਾਂ ਰੇਪ ਕੀਤਾ ਗਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਸ਼ ਸਭ ਤੋਂ ਪਹਿਲਾਂ ਕੂੜਾ ਚੁੱਕਣ ਵਾਲੇ ਨੇ ਵੇਖੀ। ਉਸਨੇ ਬਦਬੂ ਆਉਣ 'ਤੇ ਤੁਰੰਤ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਝਾੜੀਆਂ 'ਚ ਲਾਸ਼ ਪਈ ਹੋਈ ਸੀ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ 9 ਤਰੀਕ ਨੂੰ ਗਾਇਬ ਹੋਈ ਲੜਕੀ ਦੀ ਲਾਸ਼ ਹੈ। ਇਸਦੇ ਬਾਅਦ ਪੁਲਸ ਨੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤੀ। ਘਟਨਾ ਦੇ ਬਾਅਦ ਤੁਰੰਤ ਮੌਕੇ 'ਤੇ ਡੀ. ਐੱਸ. ਪੀ. ਸਿਟੀ-ਰਮਨਦੀਪ ਸਿੰਘ ਤੇ ਐੱਸ. ਐੱਚ. ਓ. ਰਾਜੀਵ ਕੁਮਾਰ ਤੇ ਸੀ. ਆਈ. ਏ. ਇੰਚਾਰਜ ਤਿਰਲੋਚਨ ਸਿੰਘ ਮੌਕੇ 'ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਨਾਲ ਹੀ ਇਲਾਕੇ ਦੀ ਸੀ. ਸੀ. ਟੀ. ਵੀ. ਰਿਕਾਰਡਿੰਗ ਖੰਘਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮ ਬਾਰੇ ਪਤਾ ਲੱਗ ਸਕੇ।
ਜਾਣਕਾਰੀ ਮੁਤਾਬਿਕ ਉਕਤ ਲੜਕੀ 9 ਨਵੰਬਰ ਨੂੰ ਸਵੇਰੇ ਕੰਮ 'ਤੇ ਆਈ ਸੀ ਪਰ ਸ਼ਾਮ ਨੂੰ ਘਰ ਨਹੀਂ ਪਹੁੰਚੀ, ਜਿਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਉਸਦੇ ਨਾ ਆਉਣ 'ਤੇ ਫੇਜ਼-8 ਦੇ ਥਾਣੇ 'ਚ 363 ਕਿਡਨੈਪਿੰਗ ਤੇ 366 ਤਹਿਤ ਕੇਸ ਦਰਜ ਕੀਤਾ ਸੀ।
ਮ੍ਰਿਤਕ ਦੇ ਪਿਤਾ ਰਤਨ ਨੇ ਦੱਸਿਆ ਕਿ ਉਹ ਇਕ ਮਹੀਨਾ ਪਹਿਲਾਂ ਉੱਤਰ ਪ੍ਰਦੇਸ਼ ਸਥਿਤ ਆਪਣੇ ਪਿੰਡ ਸੰਬਲ ਗਏ ਸਨ, ਜਿਥੇ ਉਨ੍ਹਾਂ ਮਕਾਨ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 8 ਬੱਚੇ ਹਨ, ਜਿਨ੍ਹਾਂ 'ਚ ਚਾਰ ਬੇਟੀਆਂ ਤੇ ਚਾਰ ਬੇਟੇ ਹਨ ਤੇ ਮ੍ਰਿਤਕਾ ਤੀਜੇ ਨੰਬਰ ਵਾਲੀ ਸੀ। ਰਤਨ ਨੇ ਦੱਸਿਆ ਕਿ ਉਹ ਸੈਕਟਰ-90 'ਚ ਰਹਿੰਦੇ ਹਨ ਤੇ ਮਜ਼ਦੂਰੀ ਦਾ ਕੰਮ ਕਰਦੇ ਹਨ।