ਪੁਲਸ ਨੇ ਲਾਪਤਾ ਬੱਚਾ 6 ਘੰਟਿਆਂ ''ਚ ਕੀਤਾ ਬਰਾਮਦ

09/24/2017 8:07:43 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਨੇੜਲੇ ਪਿੰਡ ਅਢਿਆਣਾ ਵਿਖੇ ਅੱਜ 9 ਸਾਲ ਦਾ ਬੱਚਾ ਹਰਸ਼ਦੀਪ ਸਿੰਘ ਸਵੇਰੇ ਸਕੂਲ ਪੜ੍ਹਨ ਗਿਆ ਤਾਂ ਲਾਪਤਾ ਹੋ ਗਿਆ, ਜਿਸ ਕਾਰਨ ਪੁਲਸ ਤੇ ਪਿੰਡ 'ਚ ਭਾਜੜ ਮਚ ਗਈ ਪਰ ਪੁਲਸ ਦੀ ਚੌਕਸੀ ਕਾਰਨ ਇਹ ਬੱਚਾ 6 ਘੰਟਿਆਂ 'ਚ ਲੱਭ ਕੇ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਅਢਿਆਣਾ ਦੇ ਗੁਰਮੁਖ ਸਿੰਘ ਦਾ ਇਹ ਲੜਕਾ ਹਰਸ਼ਦੀਪ ਸਿੰਘ, ਜੋ ਕਿ ਤੀਸਰੀ ਕਲਾਸ ਦਾ ਵਿਦਿਆਰਥੀ ਹੈ, ਨੂੰ ਅੱਜ ਮਾਪਿਆਂ ਵਲੋਂ ਜਬਰੀ ਸਕੂਲ ਪੜ੍ਹਨ ਲਈ ਭੇਜਿਆ ਗਿਆ ਜਦਕਿ ਹਰਸ਼ਦੀਪ ਸਿੰਘ ਮੀਂਹ ਪੈਣ ਕਾਰਨ ਸਕੂਲ ਨਾ ਜਾਣ ਦੀ ਜ਼ਿਦ ਕਰਕੇ ਅੱਜ ਛੁੱਟੀ ਕਰਨਾ ਚਾਹੁੰਦਾ ਸੀ। ਇਹ ਬੱਚਾ ਸਵੇਰੇ ਸਾਢੇ 8 ਵਜੇ ਘਰੋਂ ਸਕੂਲ ਲਈ ਗਿਆ ਪਰ ਸਕੂਲ ਨਾ ਪੁੱਜਿਆ ਤੇ ਰੁੱਸ ਕੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਵਾਟਰ ਕੂਲਰ ਦੇ ਪਿੱਛੇ ਲੁਕ ਕੇ ਬੈਠ ਗਿਆ। ਸਕੂਲ ਅਧਿਆਪਕ ਨੇ ਬੱਚੇ ਦੇ ਮਾਪਿਆਂ ਨੂੰ ਸੂਚਿਤ ਕੀਤਾ ਕਿ ਅੱਜ ਹਰਸ਼ਦੀਪ ਪੜ੍ਹਨ ਲਈ ਨਹੀਂ ਆਇਆ ਤੇ ਮਾਪਿਆਂ ਨੂੰ ਫਿਕਰ ਲੱਗ ਗਿਆ।
ਪਰਿਵਾਰ ਦੇ ਸਾਰੇ ਮੈਂਬਰ ਤੇ ਪਿੰਡ ਵਾਸੀ ਇਕੱਠੇ ਹੋ ਕੇ ਬੱਚੇ ਦੀ ਭਾਲ 'ਚ ਜੁਟ ਗਏ ਤੇ ਇਸ ਦੇ ਲਾਪਤਾ ਹੋਣ ਦੀ ਸੂਚਨਾ ਤੁਰੰਤ ਮਾਛੀਵਾੜਾ ਪੁਲਸ ਨੂੰ ਦਿੱਤੀ ਗਈ। ਭੇਦਭਰੇ ਢੰਗ ਨਾਲ ਬੱਚਾ ਲਾਪਤਾ ਹੋਣ 'ਤੇ ਪੁਲਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਤੇ ਤੁਰੰਤ ਪੁਲਸ ਪਾਰਟੀਆਂ ਇਲਾਕੇ 'ਚ ਬੱਚੇ ਦੀ ਭਾਲ 'ਚ ਜੁਟ ਗਈਆਂ।
ਆਸ-ਪਾਸ ਦੇ ਪਿੰਡਾਂ ਦੇ ਗੁਰਦੁਆਰਿਆਂ 'ਚ ਬੱਚੇ ਦੇ ਲਾਪਤਾ ਹੋਣ ਦੀ ਅਨਾਊਂਸਮੈਂਟ ਕਰਵਾ ਦਿੱਤੀ ਤੇ ਕਰੀਬ 1 ਵਜੇ ਜਦੋਂ ਪੁਲਸ ਤੇ ਪਿੰਡ ਵਾਸੀ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਵਾਰ-ਵਾਰ ਅਨਾਊਂਸਮੈਂਟ ਕਰਵਾ ਕੇ ਬੱਚੇ ਨੂੰ ਲੱਭ ਰਹੇ ਸਨ ਤਾਂ ਅਚਾਨਕ ਇਹ ਬੱਚਾ, ਜੋ ਕਿ ਗੁਰਦੁਆਰਾ ਸਾਹਿਬ ਦੇ ਵਾਟਰ ਕੂਲਰ ਪਿੱਛੇ ਲੁਕ ਕੇ ਬੈਠਾ ਸੀ, 'ਤੇ ਨਜ਼ਰ ਪੈ ਗਈ। ਪੁਲਸ ਨੇ ਬੱਚਾ ਮਿਲਣ 'ਤੇ ਸੁੱਖ ਦਾ ਸਾਹ ਲਿਆ ਤੇ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਵਲੋਂ ਪਰਿਵਾਰਕ ਮੈਂਬਰਾਂ ਨੂੰ ਇਹ ਬੱਚਾ ਸੌਂਪ ਦਿੱਤਾ ਗਿਆ।ਬੱਚਾ ਸੌਂਪਣ ਮੌਕੇ ਸਰਪੰਚ ਸਵਰਨ ਸਿੰਘ, ਨਰਿੰਦਰਪਾਲ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ ਤੇ ਹਰਦੀਪ ਸਿੰਘ ਵੀ ਮੌਜੂਦ ਸਨ।