ਲਾਪਤਾ 2 ਭਰਾ ਲੱਭ ਕੇ ਪੁਲਸ ਨੇ ਕੀਤੇ ਪਰਿਵਾਰ ਹਵਾਲੇ

07/17/2019 10:28:08 PM

ਹੁਸ਼ਿਆਰਪੁਰ,(ਅਮਰਿੰਦਰ): ਥਾਣਾ ਮਾਡਲ ਟਾਊਨ ਅਧੀਨ ਆਉਂਦੀ ਪੁਰਹੀਰਾਂ ਚੌਕੀ ਦੇ ਨਾਲ ਲੱਗਦੇ ਪੁਰਹੀਰਾਂ ਵਿਖੇ ਖੇਡਦੇ ਸਮੇਂ ਘਰੋਂ ਦੋ ਮਾਸੂਮ ਭਰਾ ਸ਼ਿਵਮ ਪਾਂਡੇ (10) ਤੇ ਪਿਊਸ਼ ਪਾਂਡੇ (7) ਅਚਾਨਕ ਲਾਪਤਾ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਗਏ ਸਨ। ਸ਼ਾਮ ਤੱਕ ਜਦੋਂ ਬੱਚਿਆਂ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਇਸ ਦੀ ਸੂਚਨਾ ਉਨ੍ਹਾਂ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਦਿੱਤੀ। ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਭਰਤ ਮਸੀਹ ਅਤੇ ਪੁਲਸ ਚੌਕੀ ਪੁਰਹੀਰਾਂ ਦੇ ਇੰਚਾਰਜ ਏ. ਐੱਸ. ਆਈ. ਰਛਪਾਲ ਸਿੰਘ ਦੀ ਅਗਵਾਈ 'ਚ ਪੁਲਸ ਬੱਚਿਆਂ ਦੀ ਭਾਲ 'ਚ ਜੁਟ ਗਈ। ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੋਵਾਂ ਮਾਸੂਮਾਂ ਨੂੰ ਲੱਭ ਕੇ ਥਾਣੇ ਲਿਆਂਦਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਸੌਂਪ ਦਿੱਤਾ।
ਥਾਣਾ ਮਾਡਲ ਟਾਊਨ ਵਿਖੇ ਬੱਚਿਆਂ ਨੂੰ ਮਾਪਿਆਂ ਹਵਾਲੇ ਕਰਨ ਸਮੇਂ ਥਾਣਾ ਮੁਖੀ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਦੁਪਹਿਰ ਸਮੇਂ ਦੋਵੇਂ ਬੱਚੇ ਖੇਡਦੇ ਹੋਏ ਮੇਨ ਰੋਡ 'ਤੇ ਆ ਗਏ ਅਤੇ ਫਿਰ ਫਗਵਾੜਾ ਵੱਲ ਨਿਕਲ ਗਏ। ਪੁਲਸ ਨੂੰ ਇਸ ਸਬੰਧੀ ਅਲਰਟ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 12 ਵਜੇ ਦੋਵੇਂ ਬੱਚੇ ਚੰਡੀਗੜ੍ਹ ਬਾਈਪਾਸ ਕੋਲ ਰੋ ਰਹੇ ਸਨ ਤਾਂ ਇਕ ਰਿਕਸ਼ਾ ਚਾਲਕ ਦੋਵਾਂ ਨੂੰ ਇਕੱਲੇ ਦੇਖ ਕੇ ਆਪਣੇ ਘਰ ਲੈ ਗਿਆ। ਜਦੋਂ ਉਕਤ ਬੱਚੇ ਆਪਣਾ ਪਤਾ ਠੀਕ ਤਰ੍ਹਾਂ ਨਾ ਦੱਸ ਸਕੇ ਤਾਂ ਰਿਕਸ਼ਾ ਚਾਲਕ ਨੇ ਇਸ ਦੀ ਸੂਚਨਾ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਦਿੱਤੀ, ਜਿਸ ਨੇ ਦੋਵਾਂ ਮਾਸੂਮਾਂ ਨੂੰ ਪੁਲਸ ਥਾਣੇ ਲਿਆਂਦਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ।