ਹਰਨਾਜ਼ ਸੰਧੂ ਨੇ ''ਮਿਸ ਯੂਨੀਵਰਸ'' ਦਾ ਖਿਤਾਬ ਜਿੱਤ ਰਚਿਆ ਇਤਿਹਾਸ, ਘਰ ''ਚ ਖ਼ੁਸ਼ੀਆਂ ਦਾ ਮਾਹੌਲ

12/13/2021 4:24:19 PM

ਚੰਡੀਗੜ੍ਹ (ਜੱਸੋਵਾਲ/ਗੁਰਪ੍ਰਤੀ ਸਿੰਘ) - ਮਿਸ ਯੂਨੀਵਰਸ 2021 ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਹਰਨਾਜ਼ ਸੰਧੂ ਦੇ ਪੰਜਾਬ ਦੇ ਖਰਾਰ ਸਥਿਤ ਘਰ 'ਚ ਜ਼ਸ਼ਨ ਦਾ ਮਾਹੌਲ ਹੈ।  ਉਸ ਦੀ ਮਾਂ ਰਹਿੰਦਰ ਕੌਰ ਨੇ ਯਾਦ ਕੀਤਾ ਕਿ ਐਤਵਾਰ ਨੂੰ ਖਿਤਾਬ ਜਿੱਤਣ ਤੋਂ ਪਹਿਲਾਂ ਹਰਨਾਜ਼ ਨੇ ਉਸ ਨੂੰ ਕਿਹਾ ਸੀ ਕਿ 'ਤੁਸੀਂ ਮੇਰੇ 'ਤੇ ਮਾਣ ਕਰੋਗੇ।'' ਹਰਨਾਜ਼ ਨੇ ਸੋਮਵਾਰ ਨੂੰ ਇਤਿਹਾਸ ਰਚਦੇ ਹੋਏ 79 ਦੇਸ਼ਾਂ ਦੀ ਪ੍ਰਤੀਯੋਗੀਆਂ ਨੂੰ ਪਛਾੜ ਕੇ ਮਿਸ ਯੂਨੀਵਰਸ 2021 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਭਾਰਤ ਨੂੰ 21 ਸਾਲ ਬਾਅਦ ਇਹ ਖਿਤਾਬ ਹਾਸਲ ਹੋਇਆ ਹੈ। 


ਦੱਸ ਦੇਈਏ ਕਿ ਪੇਸ਼ੇ ਤੋਂ ਮਾਡਲ ਹਰਨਾਜ਼ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ। ਚੰਡੀਗੜ੍ਹ ਤੋਂ ਹੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹਰਨਾਜ਼ ਇਸ ਸਮੇਂ ਮਾਸਟਰ ਦੀ ਡਿਗਰੀ ਕਰ ਰਹੀ ਹੈ। ਸਿਰਫ਼ 21 ਸਾਲ ਦੀ ਉਮਰ 'ਚ ਸੰਧੂ ਨੇ ਕਈ ਮੁਕਾਬਲਿਆਂ 'ਚ ਹਿੱਸਾ ਲਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਨਹੀਂ ਛੱਡੀ।

ਪਰਿਵਾਰ ਚ ਖ਼ੁਸ਼ੀ ਦਾ ਮਾਹੌਲ
ਇਜ਼ਾਇਰਲ 'ਚ ਹੋਏ ਸਮਾਰੋਹ 'ਚ ਹਰਨਾਜ਼ ਨੂੰ 'ਮਿਸ ਯੂਨੀਵਰਸ 2021' ਚੁਣੇ ਜਾਂਦੇ ਹੀ ਉਸ ਦੇ ਪਿਤਾ ਪ੍ਰੀਤਮ ਸੰਧੂ, ਮਾਂ ਡਾਕਟਰ ਰਵਿੰਦਰ ਕੌਰ ਸੰਧੂ ਤੇ ਭਰਾ ਹਰਨੂਰ ਸਿੰਘ ਸੰਧੂ ਖ਼ੁਸ਼ੀ ਨਾਲ ਨੱਚ ਉੱਠੇ। ਹਰਨਾਜ਼ ਸੰਧੂ ਤੋਂ ਪਹਿਲਾਂ ਵੀ ਭਾਰਤੀ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕਰ ਚੁੱਕੀਆਂ ਹਨ। ਅਦਾਕਾਰਾ ਸੁਸ਼ਮਿਤਾ ਸੇਨ ਨੇ ਸਾਲ 1994 'ਚ ਜਦੋਂਕਿ ਅਦਾਕਾਰਾ ਲਾਰਾ ਦਤਾ ਨੇ ਨੇ ਸਾਲ 2000 'ਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ। 

ਗੁਰਦਾਸਪੁਰ ਦੇ ਪਿੰਡ ਕੋਹਾਲੀ ਦਾ ਕੀਤਾ ਨਾਂ ਰੌਸ਼ਨ
ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਕੋਹਾਲੀ ਦੇ ਰਹਿਣ ਵਾਲੇ ਸੰਧੂ ਪਰਿਵਾਰ ਦੀ ਧੀ ਹਰਨਾਜ਼ ਸੰਧੂ ਨੇ ਅੱਜ ਵਿਸ਼ਵ ਭਰ 'ਚ ਆਪਣਾ ਅਤੇ ਆਪਣੇ ਪਰਿਵਾਰ ਅਤੇ ਇਲਾਕਾ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ 'ਚ ਹਰਨਾਜ਼ ਦੇ ਜੱਦੀ ਘਰ ਰਹਿ ਰਹੇ ਉਸ ਦੇ ਤਾਏ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਇਸ ਮੁਕਾਮ 'ਤੇ ਹੋਵੇਗਾ, ਜੋ ਸਾਡੀ ਧੀ ਨੇ ਮੁਕਾਮ ਹਾਸਲ ਕੀਤਾ ਹੈ। ਹਰਨਾਜ ਦੇ ਤਾਏ ਜਸਵਿੰਦਰ ਸਿੰਘ ਅਤੇ ਤਾਈ ਲਖਵਿੰਦਰ ਕੌਰ ਅਤੇ ਪਰਿਵਾਰ ਨੇ ਦੱਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਨ੍ਹਾਂ ਦੇ ਪਿੰਡ ਕੋਹਾਲੀ ਦਾ ਨਾਮ ਪੂਰੀ ਦੁਨੀਆਂ 'ਚ ਜਾਣਿਆ ਜਾਵੇਗਾ। ਪਰਿਵਾਰ ਦਾ ਕਹਿਣਾ ਹੈ ਕਿ ਹਰਨਾਜ਼ ਇਕ ਮਿਲਾਪੜੇ ਸੁਭਾਅ ਦੀ ਲੜਕੀ ਹੈ, ਇਹ ਫ਼ੀਲਡ ਵੀ ਉਸ ਨੇ ਖੁਦ ਚੁਣੀ ਅਤੇ ਉਸ ਦਾ ਸਭ ਤੋਂ ਵੱਡਾ ਪੜਾਅ ਹਾਸਲ ਕੀਤਾ। ਪਰਿਵਾਰ ਵਲੋਂ ਵੀ ਹਰਨਜ਼ ਸੰਧੂ ਨੂੰ ਹਰ ਤਰ੍ਹਾਂ ਨਾਲ ਸੁਪੋਰਟ ਮਿਲਦੀ ਹੈ।

ਪਹਿਲਾਂ ਵੀ ਜਿੱਤ ਚੁੱਕੀ ਹੈ ਇਹ ਖਿਤਾਬ
ਦੱਸ ਦੇਈਏ ਕਿ ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਤਕ ਆਪਣੇ ਕਰੀਅਰ 'ਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ 'ਚ ਸਾਲ 2017 'ਚ 'ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ', ਸਾਲ 2018 'ਚ 'ਮਿਸ ਮੈਕਸ ਐਮਰਜਿੰਗ ਸਟਾਰ', ਸਾਲ 2019 'ਚ 'ਫੈਮਿਨਾ ਮਿਸ ਇੰਡੀਆ ਪੰਜਾਬ' ਅਤੇ ਸਾਲ 2021 'ਚ 'ਮਿਸ ਯੂਨੀਵਰਸ ਇੰਡੀਆ' ਦਾ ਖਿਤਾਬ ਸ਼ਾਮਲ ਹਨ।

ਟੌਪ 3 'ਚ ਰਹੀਆਂ ਇਹ ਹਸੀਨਾਵਾਂ
1. ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ 'ਤੇ
2. ਮਿਸ ਪਰਾਗਵੇ ਦੂਜੇ ਸਥਾਨ 'ਤੇ ਰਹੀ
3. ਮਿਸ ਸਾਊਥ ਅਫਰੀਕਾ ਤੀਜੇ ਸਥਾਨ 'ਤੇ ਰਹੀ।

1 ਮਹੀਨੇ 'ਚ ਖ਼ੁਦ ਨੂੰ ਕੀਤਾ ਇਸ ਪ੍ਰਤੀਯੋਗਤਾ ਲਈ ਤਿਆਰ
ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਆਪਣੀ ਵੱਡੀ ਚੁਣੌਤੀ ਬਾਰੇ ਗੱਲ ਕਰਦੇ ਹੋਏ ਹਰਨਾਜ਼ ਨੇ ਕਿਹਾ, ''ਮੇਰੇ ਅਤੇ ਮੇਰੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੇਰੀ ਜਿੱਤ (ਲਿਵਾ ਮਿਸ ਦੀਵਾ ਯੂਨੀਵਰਸ 2021 ਵਜੋਂ) ਤੋਂ ਬਾਅਦ, ਸਾਡੇ ਕੋਲ ਮਿਸ ਯੂਨੀਵਰਸ ਦੀ ਤਿਆਰੀ ਲਈ ਸਿਰਫ ਇੱਕ ਮਹੀਨਾ ਸੀ। ਇੰਨੇ ਘੱਟ ਸਮੇਂ 'ਚ ਮੈਨੂੰ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ। ਟੀਮ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।

 

sunita

This news is Content Editor sunita