ਮਿਸ ਯੂਨੀਵਰਸ 2021 : ਸਕੂਲ ਦੇ ਦਿਨਾਂ 'ਚ ਅਜਿਹੀ ਦਿਸਦੀ ਸੀ ਹਰਨਾਜ਼ ਸੰਧੂ, ਤਸਵੀਰਾਂ ਵੇਖ ਹੋਵੋਗੇ ਹੈਰਾਨ

12/14/2021 4:20:49 PM

ਮੁੰਬਈ (ਬਿਊਰੋ) - 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਦੇ ਸਿਰ ਸਜਿਆ। ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ 70ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਇਕ ਵਾਰ ਫਿਰ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। 21 ਸਾਲਾ ਹਰਨਾਜ਼ ਸੰਧੂ ਨੇ ਪੈਰਾਗਵੇ ਦੀ ਨਾਦੀਆ ਫਰੇਰਾ ਤੇ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਪਿੱਛੇ ਛੱਡ ਕੇ ਇਹ ਤਾਜ ਜਿੱਤਿਆ ਹੈ। ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਸਾਲ 1994 ਤੇ ਲਾਰਾ ਦੱਤਾ ਸਾਲ 2000 'ਚ 'ਮਿਸ ਯੂਨੀਵਰਸ' ਦਾ ਖਿਤਾਬ ਜਿੱਤ ਚੁੱਕੀ ਹੈ।

ਉਂਝ ਤਾਂ ਹਰਨਾਜ਼ ਸੰਧੂ ਦੀ ਗੱਲ ਕਰੀਏ ਤਾਂ ਉਹ ਬਚਪਨ 'ਚ ਕਾਫ਼ੀ ਕਿਊਟ ਲੱਗਦੀ ਸੀ ਪਰ ਅੱਜ ਤੱਕ ਉਸ ਦਾ ਲੁੱਕ ਕਾਫ਼ੀ ਗਲੈਮਰਸ ਅਤੇ ਬੋਲਡ ਰਿਹਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੱਜ ਅਸੀਂ ਤੁਹਾਨੂੰ ਹਰਨਾਜ਼ ਸੰਧੂ ਦੇ ਸਕੂਲ ਦੇ ਦਿਨਾਂ ਤੋਂ ਮਾਡਲਿੰਗ ਦੀ ਦੁਨੀਆਂ ਤੱਕ ਦੇ ਸਫ਼ਰ ਨੂੰ ਤਸਵੀਰਾਂ ਰਾਹੀਂ ਦਿਖਾਉਣ ਜਾ ਰਹੇ ਹਾਂ, ਆਓ ਇਕ ਨਜ਼ਰ ਮਾਰਦੇ ਹਾਂ ਹਰਨਾਜ਼ ਦੀਆਂ ਤਸਵੀਰਾਂ 'ਤੇ-

ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਹਰਨਾਜ਼ ਸੰਧੂ
ਦੱਸ ਦੇਈਏ ਕਿ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਸ ਸਾਲ ਇਜ਼ਰਾਈਲ 'ਚ ਹੋਇਆ ਸੀ। ਇਸ ਮੁਕਾਬਲੇ ਦੇ ਮੁੱਢਲੇ ਪੜਾਅ 'ਚ 75 ਤੋਂ ਵੱਧ ਸੁੰਦਰ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਸਭ ਨੂੰ ਹਰਾ ਕੇ ਹਰਨਾਜ਼ ਸੰਧੂ ਨੇ 'ਮਿਸ ਯੂਨੀਵਰਸ' ਦਾ ਤਾਜ ਆਪਣੇ ਨਾਂ ਕੀਤਾ। ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਦਾ ਜਨਮ ਇਕ ਸਿੱਖ ਪਰਿਵਾਰ 'ਚ ਹੋਇਆ ਸੀ। ਹਰਨਾਜ਼ ਫਿਟਨੈੱਸ ਅਤੇ ਯੋਗਾ ਪ੍ਰੇਮੀ ਹੈ। ਸਾਲ 2017 'ਚ ਉਹ 'ਟਾਈਮਜ਼ ਫਰੈੱਸ਼ ਫੇਸ ਮਿਸ ਚੰਡੀਗੜ੍ਹ' ਬਣੀ। ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਆਪਣੇ ਕਰੀਅਰ 'ਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ 'ਚ 2018 'ਚ 'ਮਿਸ ਮੈਕਸ ਐਮਰਜਿੰਗ ਸਟਾਰ', ਸਾਲ 2019 'ਚ 'ਫੈਮਿਨਾ ਮਿਸ ਇੰਡੀਆ ਪੰਜਾਬ' ਅਤੇ ਸਾਲ 2021 'ਚ 'ਮਿਸ ਯੂਨੀਵਰਸ ਇੰਡੀਆ' ਦਾ ਖਿਤਾਬ ਸ਼ਾਮਲ ਹੈ।

ਹਮੇਸ਼ਾ ਇਸ ਗੱਲ ਨੂੰ ਲੈ ਕੇ ਉਡਿਆ ਜਾਂਦਾ ਸੀ ਮਜ਼ਾਕ
ਮੀਡੀਆ ਰਿਪੋਰਟਾਂ ਅਨੁਸਾਰ, ਸਕੂਲੀ ਦਿਨਾਂ ਦੌਰਾਨ ਉਸ ਦਾ ਪਤਲਾ ਹੋਣ ਕਾਰਨ ਮਜ਼ਾਕ ਉਡਾਇਆ ਜਾਂਦਾ ਸੀ। ਇਸ ਕਾਰਨ ਉਹ ਡਿਪ੍ਰੈਸ਼ਨ 'ਚ ਵੀ ਚਲੀ ਗਈ। ਹਾਲਾਂਕਿ ਅਜਿਹੇ ਸਮੇਂ 'ਚ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਉਹ ਖਾਣ ਪੀਣ ਦਾ ਬਹੁਤ ਸ਼ੌਕੀਨ ਹੈ ਪਰ ਇਸ ਦੇ ਨਾਲ ਹੀ ਉਹ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਦੀ ਹੈ। ਉਸ ਨੇ ਸਾਲ 2017 'ਚ ਕਾਲਜ 'ਚ ਇੱਕ ਸ਼ੋਅ ਦੌਰਾਨ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਦਿੱਤੀ। ਉਦੋਂ ਤੋਂ ਉਸ ਦਾ ਮਾਡਲਿੰਗ ਸਫ਼ਰ ਸ਼ੁਰੂ ਹੋਇਆ। ਹਰਨਾਜ਼ ਸੰਧੂ ਨੂੰ ਘੋੜ ਸਵਾਰੀ, ਤੈਰਾਕੀ ਅਤੇ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ।

ਇਨ੍ਹਾਂ 2 ਸਵਾਲਾਂ ਦਾ ਜਵਾਬ ਦੇ ਕੇ ਬਣੀ 'ਮਿਸ ਯੂਨੀਵਰਸ' 
ਪੈਰਾਗੁਏ ਅਤੇ ਦੱਖਣੀ ਅਫਰੀਕਾ ਦੀਆਂ ਸੁੰਦਰੀਆਂ ਵੀ ਇਸ ਪ੍ਰਤੀਯੋਗਿਤਾ ਦੇ ਟੌਪ 'ਚ 3 ਪਹੁੰਚੀਆਂ ਹਨ। ਸ਼ੁਰੂਆਤੀ ਦੌਰ 'ਚ ਉਸ ਨੂੰ ਸਵਾਲ ਪੁੱਛਿਆ ਗਿਆ, 'ਅੱਜ ਦੇ ਦਬਾਅ ਨਾਲ ਨਜਿੱਠਣ ਲਈ ਤੁਸੀਂ ਨੌਜਵਾਨ ਔਰਤਾਂ ਨੂੰ ਕੀ ਸਲਾਹ ਦਿਓਗੇ। ਇਸ 'ਤੇ ਹਰਨਾਜ਼ ਕੌਰ ਸੰਧੂ ਨੇ ਕਿਹਾ, ''ਅੱਜ ਦੇ ਨੌਜਵਾਨਾਂ 'ਤੇ ਸਭ ਤੋਂ ਵੱਡਾ ਦਬਾਅ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਹੈ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਜੋ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆ ਭਰ 'ਚ ਵਾਪਰ ਰਹੀਆਂ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਗੱਲ ਕਰੋ। ਬਾਹਰ ਆਓ, ਆਪਣੇ ਲਈ ਬੋਲੋ, ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ, ਤੁਸੀਂ ਆਪਣੀ ਆਵਾਜ਼ ਹੋ। ਮੈਨੂੰ ਆਪਣੇ-ਆਪ 'ਤੇ ਵਿਸ਼ਵਾਸ ਸੀ ਅਤੇ ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।''

ਟੌਪ 5 'ਚ ਹਰਨਾਜ਼ ਨੂੰ ਪੁੱਛਿਆ ਗਿਆ ਕਿ 'ਕਈ ਲੋਕ ਸੋਚਦੇ ਹਨ ਕਿ ਜਲਵਾਯੂ ਤਬਦੀਲੀ ਇੱਕ ਧੋਖਾ ਹੈ, ਨਹੀਂ ਤਾਂ ਤੁਸੀਂ ਉਨ੍ਹਾਂ ਨੂੰ ਮਨਾਉਣ ਲਈ ਕੀ ਕਰੋਗੇ?' ਹਰਨਾਜ਼ ਨੇ ਆਪਣੇ ਜਵਾਬ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਜਦੋਂ ਉਸ ਨੇ ਕਿਹਾ, ''ਮੇਰਾ ਦਿਲ ਇਹ ਦੇਖ ਕੇ ਟੁੱਟ ਜਾਂਦਾ ਹੈ ਕਿ ਕੁਦਰਤ ਕਿੰਨੀਆਂ ਮੁਸ਼ਕਿਲਾਂ 'ਚੋਂ ਲੰਘ ਰਹੀ ਹੈ ਅਤੇ ਇਹ ਸਭ ਸਾਡੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਹੈ। ਮੈਂ ਪੂਰੀ ਤਰ੍ਹਾਂ ਸੋਚਦੀ ਹਾਂ ਕਿ ਇਹ ਕਾਰਵਾਈ ਕਰਨ ਅਤੇ ਘੱਟ ਗੱਲ ਕਰਨ ਦਾ ਸਮਾਂ ਹੈ ਕਿਉਂਕਿ ਸਾਡਾ ਹਰ ਕਾਰਜ ਕੁਦਰਤ ਨੂੰ ਬਚਾ ਸਕਦਾ ਹੈ ਜਾਂ ਮਾਰ ਸਕਦਾ ਹੈ। ਪਛਤਾਵਾ ਅਤੇ ਮੁਰੰਮਤ ਨਾਲੋਂ ਰੋਕਥਾਮ ਅਤੇ ਸੁਰੱਖਿਆ ਬਿਹਤਰ ਹੈ। ਇਹ ਉਹ ਹੈ, ਜੋ ਮੈਂ ਅੱਜ ਤੁਹਾਨੂੰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ।''

ਟੌਪ 3 'ਚ ਰਹੀਆਂ ਇਹ ਹਸੀਨਾਵਾਂ
1. ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ 'ਤੇ
2. ਮਿਸ ਪਰਾਗਵੇ ਦੂਜੇ ਸਥਾਨ 'ਤੇ ਰਹੀ
3. ਮਿਸ ਸਾਊਥ ਅਫਰੀਕਾ ਤੀਜੇ ਸਥਾਨ 'ਤੇ ਰਹੀ।

1 ਮਹੀਨੇ 'ਚ ਖ਼ੁਦ ਨੂੰ ਕੀਤਾ ਇਸ ਪ੍ਰਤੀਯੋਗਤਾ ਲਈ ਤਿਆਰ
ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਆਪਣੀ ਵੱਡੀ ਚੁਣੌਤੀ ਬਾਰੇ ਗੱਲ ਕਰਦੇ ਹੋਏ ਹਰਨਾਜ਼ ਨੇ ਕਿਹਾ, ''ਮੇਰੇ ਅਤੇ ਮੇਰੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੇਰੀ ਜਿੱਤ (ਲਿਵਾ ਮਿਸ ਦੀਵਾ ਯੂਨੀਵਰਸ 2021 ਵਜੋਂ) ਤੋਂ ਬਾਅਦ, ਸਾਡੇ ਕੋਲ ਮਿਸ ਯੂਨੀਵਰਸ ਦੀ ਤਿਆਰੀ ਲਈ ਸਿਰਫ ਇੱਕ ਮਹੀਨਾ ਸੀ। ਇੰਨੇ ਘੱਟ ਸਮੇਂ 'ਚ ਮੈਨੂੰ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ। ਟੀਮ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।''


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।

sunita

This news is Content Editor sunita