ਕੁਕਰਮੀਆਂ ਨੂੰ ਧਾਰਮਿਕ ਸੰਸਥਾਵਾਂ ਤੋਂ ਕੀਤਾ ਜਾਵੇ ਲਾਂਭੇ - ਸਤਿਕਾਰ ਕਮੇਟੀ

12/31/2017 10:32:08 AM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ,ਭਾਟੀਆ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਨੇ ਕੁਕਰਮੀਆਂ ਨੂੰ ਧਾਰਮਿਕ ਸੰਸਥਾਵਾਂ ਤੋਂ ਲਾਂਭੇ ਕਰਨ ਲਈ ਸੰਘਰਸ਼ ਵਿੱਢਣ ਦਾ ਐਲਾਣ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਸਿੱਖ ਕੌਮ ਦੇ ਡਿੱਗਦੇ ਜਾ ਰਹੇ ਕਿਰਦਾਰ ਨੂੰ ਬਚਾਉਣ ਲਈ ਉਹ ਅੱਗੇ ਆਉਣ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪੰਜ ਪ੍ਰਧਾਨ ਸਹਿਬਾਨਾਂ ਭਾਈ ਬਲਬੀਰ ਸਿੰਘ ਮੁੱਛਲ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਸੁਖਜਿੰਦਰ ਸਿੰਘ ਖੋਸਾ ਕੋਟਲਾ ਤੇ ਭਾਈ ਹਰਜਿੰਦਰ ਸਿੰਘ ਬਾਜੇਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਸਿੱਖੀ ਦੇ ਕਿਰਦਾਰ 'ਚ ਘੁੱਸਪੈਠ ਕਰ ਚੁੱਕੇ ਚਰਨਜੀਤ ਸਿੰਘ ਚੱਢਾ ਵਰਗੇ ਕੁਕਰਮੀਆਂ ਨੂੰ ਸਖਤ ਸਜਾ ਦੇਣ ਦੀ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 'ਤੇ ਵੀ ਸਵਾਲ ਚੁੱਕੇ ਕਿ ਇਸ ਮੁੱਦੇ 'ਤੇ ਆਖਿਰ ਉਨ੍ਹਾਂ ਦੀ ਚੁੱਪੀ ਧਾਰਨ ਦਾ ਕੀ ਮਤਲਬ ਹੈ। ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਵਾਲ ਕੀਤਾ ਕਿ ਚੱਢਾ ਮਾਮਲੇ ਨੇ ਪੰਜਾਬ ਦੇ ਸਮਾਜਿਕ, ਸਿਆਸੀ ਤੇ ਧਾਰਮਿਕ ਹਲਕਿਆਂ 'ਚ ਤੂਫਾਨ ਖੜ੍ਹਾ ਕੀਤਾ ਹੋਇਆ ਹੈ ਪਰ ਉਕਤ ਦੋਵੇਂ ਪਿਓ ਪੁੱਤ ਤੇ ਧਾਰਮਿਕ ਆਗੂ ਵੀ ਮੋਨ ਵਰਤ ਧਾਰ ਕੇ ਬੈਠੇ ਹੋਏ ਹਨ। ਜਿਸ ਤੋਂ ਇਹ ਸਾਫ਼ ਜਾਹਿਰ ਹੈ ਕਿ ਸੁੱਚਾ ਸਿੰਘ ਲੰਗਾਹ ਤੇ ਚਰਨਜੀਤ ਸਿੰਘ ਚੱਢਾ ਵਰਗੇ ਲੋਕਾਂ ਦੀਆਂ ਵੱਡੀਆਂ ਸਾਂਝੇਦਾਰੀਆਂ ਇਨ੍ਹਾਂ ਨੂੰ ਮੂੰਹ ਖੋਲਣ ਦੀ ਇਜਾਜ਼ਤ ਨਹੀਂ ਦਿੰਦੀਆਂ ਹਨ। ਆਗੂਆਂ ਨੇ ਦੁਨੀਆਂ ਭਰ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ 'ਤੇ ਬੈਠੇ ਅਜਿਹੇ ਆਚਰਣਹੀਣ ਲੋਕ ਸਿੱਖ ਕੌਮ ਦਾ ਕਿਰਦਾਰ ਨੀਵਾਂ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ, ਜਿੰਨ੍ਹਾਂ ਨੂੰ ਲਾਭੇ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੀ ਸਾਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਧਾਰਮਿਕ ਸਖਸ਼ੀਅਤਾਂ ਦੇ ਹਵਾਲੇ ਕਰਨ ਦੀ ਲੋੜ ਹੈ। ਇਸ ਮੌਕੇ ਭਾਈ ਸਰੂਪ ਸਿੰਘ ਭੁੱਚਰ, ਭਾਈ ਕੁਲਵੰਤ ਸਿੰਘ ਜੀਓਬਾਲਾ, ਭਾਈ ਸਤਨਾਮ ਸਿੰਘ ਸੋਹਲ, ਭਾਈ ਅਮਰੀਕ ਸਿੰਘ ਗੱਗੋਬੂਆ, ਭਾਈ ਮਨਬੀਰ ਸਿੰਘ ਮੋਦੇ, ਭਈ ਕੁਲਦੀਪ ਸਿੰਘ ਮੋਦੇ, ਭਾਈ ਪਰਮਿੰਦਰ ਸਿੰਘ, ਭਾਈ ਸ਼ਰਨਪਾਲ ਸਿੰਘ ਆਦਿ ਹਾਜ਼ਰ ਸਨ।