ਬੱਚੇ ਨਾਲ ਬਦਫੈਲੀ ਕਰਨ ਵਾਲੇ 5 ਨਾਬਾਲਿਗ ਦੋਸ਼ੀ ਕਰਾਰ, 3 ਬਰੀ

09/23/2017 10:47:45 AM

ਸੰਗਰੂਰ (ਬਾਵਾ)—ਭਵਾਨੀਗੜ੍ਹ ਦੇ ਇਕ ਨਿੱਜੀ ਸਕੂਲ ਵਿਚ 7ਵੀਂ ਜਮਾਤ ਵਿਚ ਪੜ੍ਹਦੇ ਨਾਬਾਲਿਗ ਵਿਦਿਆਰਥੀ ਨਾਲ ਬਦਫੈਲੀ ਕਰਨ ਵਾਲੇ ਉਸੇ ਸਕੂਲ ਦੇ ਨਾਬਾਲਿਗ 8 ਵਿਦਿਆਰਥੀਆਂ ਵਿਚੋਂ 5 ਨੂੰ ਸੰਗਰੂਰ ਦੀ ਇਕ ਅਦਾਲਤ ਨੇ ਦੋਸ਼ੀ ਮੰਨ ਲਿਆ ਹੈ ਅਤੇ ਬਾਕੀ 3 ਵਿਦਿਆਰਥੀਆਂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਹੈ। 
ਥਾਣਾ ਭਵਾਨੀਗੜ੍ਹ ਵਿਚ ਅਗਸਤ 2015 ਵਿਚ ਦਰਜ ਮੁਕੱਦਮੇ ਅਨੁਸਾਰ ਉਕਤ ਨਿੱਜੀ ਸਕੂਲ ਦੇ 7ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨਾਲ ਉਸ ਦੇ ਸਹਿਪਾਠੀਆਂ ਨੇ ਉਸ ਸਮੇਂ ਬਦਫੈਲੀ ਕਰ ਕੀਤੀ ਜਦੋਂ ਸਕੂਲ ਦੀ ਫੁੱਟਬਾਲ ਟੀਮ ਨੇੜਲੇ ਪਿੰਡ ਦੇ ਆਦਰਸ਼ ਸਕੂਲ ਵਿਚ ਮੈਚ ਖੇਡਣ ਗਈ ਸੀ। ਕਿਸੇ ਦੂਜੀ ਟੀਮ ਦਾ ਮੈਚ ਚੱਲ ਰਿਹਾ ਸੀ ਤਾਂ ਪੀੜਤ ਵਿਦਿਆਰਥੀ ਨੂੰ ਉਸ ਦੇ 8 ਸਾਥੀ ਕਿਸੇ ਪਾਸੇ ਲੈ ਗਏ ਅਤੇ ਉਸ ਨਾਲ ਵਾਰੀ-ਵਾਰੀ ਬਦਫੈਲੀ ਕੀਤੀ। ਘਰ ਦੱਸਣ ਦੀ ਸੂਰਤ ਵਿਚ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪੀੜਤ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਵੇਨਾਈਲ ਅਦਾਲਤ ਵਿਚ ਚੱਲੀ ਕਾਰਵਾਈ ਦੌਰਾਨ  ਅਦਾਲਤ ਨੇ 8 ਵਿਦਿਆਰਥੀਆਂ ਵਿਚੋਂ 3 ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਅਤੇ ਬਾਕੀ 5 ਵਿਦਿਆਰਥੀਆਂ, ਜੋ ਨਾਬਾਲਿਗ ਸਨ, ਨੂੰ ਦੋਸ਼ੀ ਮੰਨ ਲਿਆ। ਜੁਵੇਨਾਈਲ ਜਸਟਿਸ ਬੋਰਡ ਦੇ ਜੱਜ ਜੇ. ਐੱਸ. ਮੈਹਿਦੀਰੱਤਾ (ਪਿੰ੍ਰਸੀਪਲ ਮੈਜਿਸਟਰੇਟ) ਅਤੇ ਜੋਗਿੰਦਰ ਸਿੰਗਲਾ (ਮੈਂਬਰ) ਨੇ ਆਪਣਾ ਫੈਸਲਾ ਸੁਣਾਉਂਦਿਆਂ ਬਦਫੈਲੀ ਕਰਨ ਵਾਲੇ ਸਾਰੇ ਦੋਸ਼ੀਆਂ ਦੇ ਭਵਿੱਖ ਨੂੰ ਵੇਖਦਿਆਂ ਉਨ੍ਹਾਂ ਵਲੋਂ ਆਪਣੀ ਕੀਤੀ ਗਲਤੀ ਨੂੰ ਸੁਧਾਰਣ ਲਈ ਇਕ ਮੌਕਾ ਮੰਗਣ 'ਤੇ ਸਾਰੇ ਦੋਸ਼ੀਆਂ ਨੂੰ ਆਪੋ-ਆਪਣੇ ਪਿੰਡਾਂ ਦੇ ਗੁਰੂਘਰ ਵਿਚ 6 ਮਹੀਨੇ ਤੱਕ ਹਰ ਰੋਜ਼ ਬਿਨ ਨਾਗਾ ਪਾਏ ਇਕ -ਇਕ ਘੰਟਾ ਸੇਵਾ ਅਤੇ ਸਿਮਰਨ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਵਲੋਂ ਦੋਸ਼ੀਆਂ ਦੀ ਨਿਗਰਾਨੀ ਲਈ ਇਕ ਪ੍ਰੋਬੇਸ਼ਨ ਅਫਸਰ ਲਾਇਆ ਗਿਆ ਹੈ  ਜੋ 6 ਮਹੀਨਿਆਂ ਬਾਅਦ ਅਦਾਲਤ ਵਿਚ ਆਪਣੀ ਰਿਪੋਰਟ ਪੇਸ਼ ਕਰੇਗਾ ਜਿਸ 'ਤੇ ਕਾਰਵਾਈ ਕਰਦਿਆਂ ਅਦਾਲਤ ਨਾਬਾਲਿਗ ਦੋਸ਼ੀਆਂ ਨੂੰ ਮੁਕੱਦਮੇ ਤੋਂ ਮੁਕਤ ਕਰੇਗਾ।
ਓਧਰ, ਪੀੜਤ ਵਿਦਿਆਰਥੀ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਫੈਸਲੇ ਤੋਂ ਖੁਸ਼ ਨਹੀਂ ਹਨ ਅਤੇ ਜੁਵੇਨਾਈਲ ਆਦਲਤ ਦੇ ਫੈਸਲੇ ਦੇ ਵਿਰੋਧ ਵਿਚ ਮਾਣਯੋਗ ਹਾਈ ਕੋਰਟ ਵਿਚ ਜਾਣਗੇ।