ਮੀਰਾਂਕੋਟ ਦੀ ਸਿਆਸਤ ''ਚ ਆਇਆ ਵੱਡਾ ਭੂਚਾਲ

04/01/2018 6:19:31 AM

ਅੰਮ੍ਰਿਤਸਰ,  (ਸੂਰੀ)-  ਅਟਾਰੀ ਹਲਕੇ ਅਧੀਨ ਆਉਂਦੇ ਪਿੰਡ ਮੀਰਾਂਕੋਟ ਕਲਾਂ ਦੇ ਮੌਜੂਦਾ ਸਰਪੰਚ ਨੂੰ 2 ਫਰਵਰੀ ਦੇ ਆਰਡਰਾਂ ਤਹਿਤ ਮੁਅੱਤਲ ਕਰਨ ਤੋਂ ਬਾਅਦ ਅਨੁਰਾਗ ਵਰਮਾ ਦੀ ਅਦਾਲਤ ਨੇ ਸਰਪੰਚ ਦੀ ਮੁਅੱਤਲੀ 'ਤੇ ਸਟੇਅ ਲਾ ਕੇ ਪਿੰਡ ਮੀਰਾਂਕੋਟ ਕਲਾਂ ਦੀ ਸਿਆਸਤ 'ਚ ਵੱਡਾ ਭੂਚਾਲ ਲਿਆ ਦਿੱਤਾ ਹੈ। ਪਿੰਡ ਦੀ ਸਿਆਸਤ ਦੇ ਬੋਹੜ ਕਹੇ ਜਾਂਦੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮੀਰਾਂਕੋਟ ਕਲਾਂ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਭਗਵੰਤ ਸਿੰਘ ਦੀ ਹਾਜ਼ਰੀ 'ਚ ਮੌਜੂਦਾ ਸਰਪੰਚ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਕੋਰਟ ਦਾ ਆਰਡਰ ਦਿਖਾਉਂਦੇ ਹੋਏ ਦੱਸਿਆ ਕਿ ਮੈਂ ਆਪਣੇ ਵਕੀਲ ਐੱਲ. ਐੱਸ. ਸਿੱਧੂ ਰਾਹੀਂ ਕੋਰਟ 'ਚ ਅਪੀਲ ਕੀਤੀ ਸੀ, ਜਿਸ 'ਤੇ ਕੋਰਟ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਮੇਰੀ ਮੁਅੱਤਲੀ 'ਤੇ ਸਟੇਅ ਦੇ ਦਿੱਤਾ ਅਤੇ ਕੋਰਟ ਨੇ ਡਾਇਰੈਕਟਰ ਨੂੰ ਨੋਟਿਸ ਜਾਰੀ ਕਰਦਿਆਂ ਹੇਠਲੀ ਅਦਾਲਤ ਦਾ ਰਿਕਾਰਡ ਮੰਗਵਾਇਆ ਹੈ। ਕੋਰਟ ਨੇ ਨਾਲ ਹੀ ਸਰਪੰਚ ਨੂੰ ਹਦਾਇਤ ਕੀਤੀ ਕਿ ਰਿਕਾਰਡ ਸਮੇਤ ਡੀ. ਡੀ. ਪੀ. ਓ. ਕੋਲ ਹਾਜ਼ਰ ਹੋ ਕੇ ਰਿਕਾਰਡ ਚੈੱਕ ਕਰਵਾਏ ਤੇ ਡੀ. ਡੀ. ਪੀ. ਓ. ਸਾਰੀ ਇਹ ਰਿਪੋਰਟ ਚੈੱਕ ਕਰਨ ਸਬੰਧੀ ਅਦਾਲਤ ਨੂੰ ਦੇਵੇ।
ਅਦਾਲਤ ਨੇ ਬੀ. ਡੀ. ਪੀ. ਓ. ਵੇਰਕਾ ਨੂੰ ਹਦਾਇਤ ਵੀ ਦਿੱਤੀ ਕਿ ਉਹ ਸਬੰਧਤ ਪੰਚਾਇਤ ਸਕੱਤਰ ਨੂੰ ਵੀ ਡੀ. ਡੀ. ਪੀ. ਓ. ਅੰਮ੍ਰਿਤਸਰ ਕੋਲ ਹਾਜ਼ਰ ਹੋਣ ਲਈ ਪਾਬੰਦ ਕਰੇ। ਸਰਪੰਚ ਨੇ ਕਿਹਾ ਕਿ ਮੈਨੂੰ ਬਦਲੇ ਦੀ ਭਾਵਨਾ ਨਾਲ ਸਸਪੈਂਡ ਕਰਵਾਇਆ ਗਿਆ ਸੀ, ਜਿਸ 'ਤੇ ਮਾਣਯੋਗ ਕੋਰਟ ਨੇ ਮੇਰੇ ਹੱਕ 'ਚ ਸਟੇਅ ਦੇ ਕੇ ਮੈਨੂੰ ਭਾਰੀ ਰਾਹਤ ਦਿੱਤੀ ਹੈ ਅਤੇ ਮੇਰੀਆਂ ਨਜ਼ਰਾਂ 'ਚ ਕੋਰਟ ਦਾ ਸਤਿਕਾਰ ਹੋਰ ਵੀ ਵੱਧ ਗਿਆ ਹੈ। ਬਲਜਿੰਦਰ ਸਿੰਘ ਅਤੇ ਭਗਵੰਤ ਸਿੰਘ ਨੇ ਕਿਹਾ ਕਿ ਪਾਰਟੀ ਦੀ ਜਿੱਤ ਹੈ, ਇਸ ਸਟੇਅ ਨਾਲ ਪਾਰਟੀ ਵਰਕਰ ਬਾਗੋ-ਬਾਗ ਹੋਏ ਹਨ।
ਇਸ ਮੌਕੇ ਸਵਿੰਦਰ ਸਿੰਘ, ਗੁਰਮੀਤ ਸਿੰਘ ਸੂਬਾ (ਦੋਵੇਂ ਸਾਬਕਾ ਸਰਪੰਚ ਮੀਰਾਂਕੋਟ ਕਲਾਂ), ਗੁਰਮੀਤ ਸਿੰਘ ਮੀਤਾ, ਕਸ਼ਮੀਰ ਸਿੰਘ ਸ਼ਾਹ, ਹਰਭਜਨ ਸਿੰਘ, ਦਵਿੰਦਰ ਸਿੰਘ ਬਿੱਟੂ, ਸੁਬੇਗ ਸਿੰਘ, ਹਰਮੀਤ ਸਿੰਘ, ਹਰਭਜਨ ਸਿੰਘ (ਸਾਰੇ ਮੈਂਬਰ ਪੰਚਾਇਤ ਮੀਰਾਂਕੋਟ ਕਲਾਂ), ਨਿੰਦਰ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ (ਤਿੰਨੇ ਸਾਬਕਾ ਪੰਚ), ਜਗਬੀਰ ਸਿੰਘ ਜੱਗਾ, ਗੁਰਵਿੰਦਰ ਸਿੰਘ, ਡਾ. ਸਵਿੰਦਰ ਸਿੰਘ, ਜਥੇ. ਜਗਬੀਰ ਸਿੰਘ ਆਦਿ ਹਾਜ਼ਰ ਸਨ।