ਸਨੌਰ ਥਾਣੇ ’ਚ ਸਿੱਖ ਆਗੂ ਦੀ ਕੁੱਟਮਾਰ ਦੇ ਮਾਮਲੇ ਵਿਚ ਘੱਟ ਗਿਣਤੀ ਕਮਿਸ਼ਨ ਨੇ ਐਸ. ਐਸ. ਪੀ. ਤੋਂ ਮੰਗੀ ਰਿਪੋਰਟ

06/28/2019 8:10:10 PM

ਪਟਿਆਲਾ, (ਬਲਜਿੰਦਰ)-ਥਾਣਾ ਸਨੌਰ ਵਿਚ ਕੁੱਝ ਦਿਨ ਪਹਿਲਾਂ ਸਿੱਖ ਆਗੂ ਦੀ ਹੋਈ ਕੁੱਟਮਾਰ ਦੇ ਮਾਮਲੇ ਵਿਚ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਐਸ. ਐਸ. ਪੀ. ਪਟਿਆਲਾ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ ਤੇ ਇਹ ਰਿਪੋਰਟ 15 ਦਿਨਾਂ ਵਿਚ ਭੇਜਣ ਲਈ ਕਿਹਾ ਗਿਆ ਹੈ। ਸਿੱਖ ਆਗੂ ਸੁਖਵਿੰਦਰ ਸਿੰਘ ਦੇ ਵਲੋਂ ਇਸ ਮਾਮਲੇ ਵਿਚ ਘੱਟ ਗਿਣਤੀ ਕਮਿਸ਼ਨ ਨੂੰ ਇਕ ਪਟੀਸ਼ਨ ਭੇਜੀ ਗਈ ਸੀ, ਜਿਸ ਦਾ ਜਵਾਬ ਘੱਟ ਗਿਣਤੀ ਕਮਿਸ਼ਨ ਵਲੋਂ ਐਸ. ਐਸ. ਪੀ. ਪਟਿਆਲਾ ਤੋਂ ਮੰਗਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਵਲੋਂ ਭੇਜੀ ਗਈ ਪਟੀਸ਼ਨ ਮਿਲੀ ਸੀ। ਇਸ ਸੰਬੰਧੀ ਉਨ੍ਹਾਂ ਨੇ ਐਸ. ਐਸ. ਪੀ. ਪਟਿਆਲਾ ਨੂੰ ਪੂਰੀ ਰਿਪੋਰਟ ਭੇਜਣ ਲਈ ਲਿਖਤ ਰੂਪ ਵਿਚ ਭੇਜਿਆ ਹੈ ਤੇ ਇਹ ਰਿਪੋਰਟ ਭੇਜਣ ਦਾ 15 ਦਿਨਾਂ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਜਿਹਡ਼ੀ ਵੀ ਕਾਰਵਾਈ ਬਣਦੀ ਹੋਵੇਗੀ, ਉਹ ਨਿਸ਼ਚਿਤ ਤੌਰ ’ਤੇ ਕੀਤੀ ਜਾਵੇਗੀ। ਇਸ ਮਾਮਲੇ ਵਿਚ ਜਿਹਡ਼ਾ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ। ਸ. ਰਾਏ ਨੇ ਕਿਹਾ ਕਿ ਉਹ ਘੱਟ ਗਿਣਤੀ ਦੇ ਇਸ ਤਰ੍ਹਾਂ ਜ਼ੁਲਮ ਨਹੀਂ ਹੋਣ ਦੇਣਗੇ।

ਏ. ਐਸ. ਆਈ. ਇੰਦਰਜੀਤ ਸਿੰਘ ਨੂੰ ਕੀਤਾ ਗਿਆ ਲਾਈਨ ਹਾਜ਼ਰ

ਇਧਰ ਪਟਿਆਲਾ ਪੁਲਸ ਨੇ ਜਿਹਡ਼ੇ ਏ. ਐਸ. ਆਈ. ਇੰਦਰਜੀਤ ਸਿੰਘ ’ਤੇ ਸੁਖਵਿੰਦਰ ਸਿੰਘ ਵਲੋਂ ਕੁੱਟਮਾਰ ਦੇ ਦੋਸ਼ ਲਾਏ ਗਏ ਸਨ, ਉਸ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਮਾਮਲੇ ਦੇ ਜਾਂਚ ਅਧਿਕਾਰੀ ਐਸ. ਪੀ. ਸਿਟੀ ਐੱਚ.  ਐੱਸ. ਹਾਂਸ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੂੰ ਥਾਣਾ ਸਨੌਰ ਤੋਂ ਪਟਿਆਲਾ ਵਿਖੇ ਲਾਈਨ ਹਾਜ਼ਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ। ਇਥੇ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਨੇ ਏ. ਐਸ. ਆਈ. ਇੰਦਰਜੀਤ ਸਿੰਘ ’ਤੇ ਦੋਸ਼ ਲਾਇਆ ਸੀ ਕਿ ਉਸ ਨੇ ਦੂਜੀ ਧਿਰ ਨਾਲ ਮਿਲ ਕੇ ਪਡ਼੍ਹਤਾਲ ਰੂਮ ਵਿਚ ਉਸ ਦੀ ਕੁੱਟਮਾਰ ਕੀਤੀ ਸੀ।

ਸੁਖਵਿੰਦਰ ਸਿੰਘ ਦਾ ਪਰਿਵਾਰ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਮਿਲਿਆ

ਪੀਡ਼੍ਹਤ ਸੁਖਵਿੰਦਰ ਸਿੰਘ ਦਾ ਪਰਿਵਾਰ ਅੱਜ ਇਸ ਮਾਮਲੇ ਵਿਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਦਿਨਕਰ ਗੁਪਤਾ ਨੂੰ ਮਿਲਿਆ। ਉਨ੍ਹਾਂ ਨੇ ਆਪਣੀ ਪੂਰੀ ਗੱਲ ਡੀ. ਜੀ. ਪੀ. ਪੰਜਾਬ ਦੇ ਅੱਗੇ ਰੱਖੀ। ਉਸ ਤੋਂ ਬਾਅਦ ਡੀ. ਜੀ. ਪੀ. ਨੇ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਵਾਇਆ। ਪੀਡ਼੍ਹਤ ਸੁਖਵਿੰਦਰ ਸਿੰਘ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਇਸ ਮਾਮਲੇ ਵਿਚ ਨਾ ਤਾਂ ਬਣਦੀਆਂ ਧਾਰਾਵਾਂ ਲਾਈਆਂ ਹਨ ਅਤੇ ਨਾ ਹੀ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਡੀ. ਜੀ. ਪੀ. ਪੰਜਾਬ ਦੇ ਦਰਬਾਰ ਵਿਚ ਜਾਣਾ ਪਿਆ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

Arun chopra

This news is Content Editor Arun chopra