ਪਿਓ ਆਪਣੀ ਹੀ ਨਾਬਾਲਗ ਧੀ ਨਾਲ ਕਰਦਾ ਰਿਹਾ ਬਲਾਤਕਾਰ

08/20/2019 1:40:57 AM

ਮੋਹਾਲੀ,(ਕੁਲਦੀਪ): ਪੁਲਸ ਸਟੇਸ਼ਨ ਫੇਜ਼-1 ਅਧੀਨ ਆਉਂਦੇ ਖੇਤਰ 'ਚ ਇਕ ਪਿਤਾ ਪਿਛਲੇ ਲਗਭਗ ਚਾਰ ਸਾਲਾਂ ਤੋਂ ਆਪਣੀ ਹੀ ਨਾਬਾਲਗ ਧੀ ਨਾਲ ਰੇਪ ਕਰਦਾ ਆ ਰਿਹਾ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਪ੍ਰੇਸ਼ਾਨ ਹੋਈ ਬੱਚੀ ਨੇ ਆਪਣੇ ਸਕੂਲ ਦੀਆਂ ਅਧਿਆਪਕਾਵਾਂ ਨੂੰ ਦੱਸਿਆ। ਸਕੂਲ ਅਧਿਆਪਕਾਵਾਂ ਨੇ ਇਹ ਮਾਮਲਾ ਚਾਈਲਡ ਵੈੱਲਫੇਅਰ ਕਮੇਟੀ ਦੇ ਧਿਆਨ 'ਚ ਲਿਆਂਦਾ, ਜਿਸ ਦੌਰਾਨ ਪੁਲਸ ਦੇ ਕੋਲ ਮਾਮਲਾ ਪਹੁੰਚ ਗਿਆ। ਪੁਲਸ ਨੇ ਬੱਚੀ ਦੇ ਪਿਤਾ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਮੂਲ ਰੂਪ 'ਚ ਨੇਪਾਲ ਦਾ ਰਹਿਣ ਵਾਲਾ ਹੈ ਤੇ ਇੱਥੇ ਪਿੰਡ ਸ਼ਾਹੀਮਾਜਰਾ 'ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੀਬ 16 ਸਾਲਾ ਇਹ ਬੱਚੀ ਆਪਣੇ ਮਾਤਾ-ਪਿਤਾ ਨਾਲ ਪਿੰਡ ਸ਼ਾਹੀਮਾਜਰਾ 'ਚ ਰਹਿ ਰਹੀ ਸੀ। ਬੱਚੀ ਵਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਦੱਸਿਆ ਗਿਆ ਕਿ ਜਦੋਂ ਉਹ ਕਰੀਬ 12 ਸਾਲ ਦੀ ਸੀ, ਉਦੋਂ ਤੋਂ ਲੈ ਕੇ ਹੁਣ ਤਕ ਉਸ ਦਾ ਪਿਤਾ ਉਸ ਦੇ ਨਾਲ ਜਬਰਨ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਸੀ। ਇੱਥੋਂ ਤਕ ਕਿ ਉਸ ਨੂੰ ਆਪਣੀ ਮਾਤਾ ਤੇ ਹੋਰ ਕਿਸੇ ਵੀ ਵਿਅਕਤੀ ਨੂੰ ਦੱਸਣ ਤੋਂ ਰੋਕਣ ਲਈ ਉਹ ਉਸ ਨੂੰ ਜਾਨੋਂ ਮਾਰ-ਮੁਕਾਉਣ ਦੀਆਂ ਧਮਕੀਆਂ ਵੀ ਦਿੰਦਾ ਰਿਹਾ। ਇਸ ਗੱਲ ਨੂੰ ਲੈ ਕੇ ਬੱਚੀ ਪ੍ਰੇਸ਼ਾਨ ਰਹਿਣ ਲੱਗੀ। ਉਸ ਨੂੰ ਲਗਾਤਾਰ ਸਕੂਲ ਵਿਚ ਪ੍ਰੇਸ਼ਾਨ ਵੇਖ ਕੇ ਸਕੂਲ ਦੀ ਅਧਿਆਪਕਾ ਨੇ ਇਹ ਮਾਮਲਾ ਚਾਈਲਡ ਵੈੱਲਫੇਅਰ ਕਮੇਟੀ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ ਨੇ ਇਹ ਮਾਮਲਾ ਪੁਲਸ ਤਕ ਪਹੁੰਚਾ ਦਿੱਤਾ। ਪੁਲਸ ਸਟੇਸ਼ਨ ਫੇਜ਼-1 ਤੋਂ ਜਾਂਚ ਅਧਿਕਾਰੀ ਬਲਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਖਿਲਾਫ ਆਈ. ਪੀ. ਸੀ. ਦੀ ਧਾਰਾ 376, 506 ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੰਗਲਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।