ਸਿੱਧੂ ਡਰਾਮੇਬਾਜ਼ ਪਰ ਲਾਰੇ-ਲੱਪਿਆਂ ਨਾਲ ਨਹੀਂ ਚੱਲਣੀ ਸਰਕਾਰ : ਮਜੀਠੀਆ

08/09/2017 10:41:04 AM

ਕੱਥੂਨੰਗਲ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿਛਲੀ ਗਠਜੋੜ ਸਰਕਾਰ ਦੇ ਕਰਵਾਏ 10 ਸਾਲਾਂ ਦੇ ਵਿਕਾਸ ਨੂੰ ਸਾਰੇ ਵਰਗਾਂ ਦੇ ਲੋਕ ਯਾਦ ਕਰ ਰਹੇ ਹਨ, ਜਦਕਿ ਮੌਜੂਦਾ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ, ਜਿਸ ਕਰ ਕੇ ਆਮ ਲੋਕਾਂ ਨਾਲ ਕਾਂਗਰਸੀਆਂ ਦੇ ਚਿਹਰੇ ਵੀ ਮੁਰਝਾਏ ਪਏ ਹਨ। ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਲੁੱਧੜ ਵਿਖੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਡਰਾਮੇਬਾਜ਼ ਹੈ ਤੇ ਕਾਂਗਰਸ ਲਾਰੇ-ਲੱਪਿਆਂ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਬਾਬਾ ਬਕਾਲਾ ਦੀ ਰੈਲੀ 'ਚ ਅਕਾਲੀਆਂ ਦੀ ਚੜ੍ਹਤ ਵੇਖ ਕੇ ਵਿਰੋਧੀ ਬੌਖਲਾਏ ਫਿਰ ਰਹੇ ਹਨ ਕਿਉਂਕਿ ਨੱਚਣ-ਗਾਉਣ ਵਾਲਿਆਂ ਦੇ ਬਾਵਜੂਦ ਵਿਰੋਧੀ ਪਾਰਟੀ ਦਾ ਪੰਡਾਲ ਖਾਲੀ ਹੀ ਰਿਹਾ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਕਮੇਡੀ ਤੇ ਸਿਆਸਤ ਵਿਚ ਫਰਕ ਹੁੰਦਾ ਹੈ ਕਿਉਂਕਿ ਸਿਆਸਤ ਵਿਚ ਜਿਹੜਾ ਵਾਅਦਾ ਕੀਤਾ ਜਾਂਦਾ ਹੈ ਉਸ ਨੂੰ ਨਿਭਾਉਣਾ ਪੈਂਦਾ ਹੈ ਪਰ ਸਿੱਧੂ ਇਸ ਗੱਲ ਨੂੰ ਸਮਝਣ 'ਚ ਅਸਮਰੱਥ ਹੈ।
ਮਜੀਠੀਆ ਨੇ ਕਿਹਾ ਕਿ ਅੱਜ ਸਸਤੀ ਕਣਕ ਦੇਣਾ, ਸ਼ਗਨ ਸਕੀਮ ਵਧਾਉਣਾ, ਹਰ ਘਰ ਨੌਜਵਾਨ ਨੂੰ ਨੌਕਰੀ ਦੇਣਾ, ਬੁਢਾਪਾ ਪੈਨਸ਼ਨ ਵਧਾਉਣਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਆਦਿ ਕੀਤੇ ਵਾਅਦਿਆਂ ਤੋਂ ਸੂਬਾ ਕਾਂਗਰਸ ਸਰਕਾਰ ਭੱਜ ਰਹੀ ਹੈ। ਮਨਪ੍ਰੀਤ ਬਾਦਲ ਖੁਦ ਚੋਣ ਮੈਨੀਫੈਸਟੋ ਤਿਆਰ ਕਰਨ ਵਾਲਿਆਂ ਦੀ ਟੋਲੀ 'ਚ ਸ਼ਾਮਿਲ ਸੀ ਪਰ ਹੁਣ ਉਹ ਵੀ ਸਮਝ ਰਿਹਾ ਹੈ ਕਿ ਚੋਣ ਵਾਅਦੇ ਲੋਕਾਂ ਨਾਲ ਲੋੜ ਤੋਂ ਵੱਧ ਕਰ ਦਿੱਤੇ ਹਨ, ਜਿਸ ਕਾਰਨ ਹੀ ਆਮ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਇਸ ਮੌਕੇ ਰਣਜੀਤ ਸਿੰਘ ਰਾਣਾ ਸਮੇਤ ਪਰਿਵਾਰ ਨੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਤਲਬੀਰ ਗਿੱਲ ਨੂੰ ਸਿਰੋਪਾਓ ਭੇਟ ਕਰ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵਚਰਨ ਸ਼ਿਵੀ, ਜਗਰੂਪ ਸਿੰਘ ਚੰਦੀ, ਸੰਮਤੀ ਮੈਂਬਰ ਬਹਾਦਰ ਸਿੰਘ ਲੁੱਧੜ, ਰਣਜੀਤ ਸਿੰਘ ਰਾਣਾ, ਸਾਬਕਾ ਸਰਪੰਚ ਦਵਿੰਦਰ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਹਰਜੀਤ ਸਿੰਘ ਲੁੱੱਧੜ, ਅਮੋਲਕ ਸਿੰਘ ਲੁੱਧੜ, ਮਨਮੋਹਣ ਸਿੰਘ ਬੰਟੀ ਵੇਰਕਾ, ਅੰਮ੍ਰਿਤਪਾਲ ਸਿੰਘ ਕਲੇਰ, ਦਿਲਬਾਗ ਸਿੰਘ, ਅਮਰਜੀਤ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।