ਜੰਗਲਾਤ ਮੰਤਰੀ ਵੱਲੋਂ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ ''ਚ ਤੇਜੀ ਲਿਆਉਣ ਦੇ ਹੁਕਮ

06/12/2020 12:30:10 AM

ਚੰਡੀਗੜ੍ਹ : ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਸੂਬੇ ਅੰਦਰ ਚੱਲ ਰਹੇ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ 'ਚ ਤੇਜੀ ਲਿਆਉਣ ਅਤੇ ਕਾਰਜ ਨਿਰਧਾਰਤ ਸਮੇਂ-ਸੀਮਾ ਅੰਦਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਇਹ ਪ੍ਰਗਟਾਵਾ ਅੱਜ ਇੱਥੇ ਸਕੱਤਰੇਤ ਵਿਖੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੌਮੀ ਸ਼ਾਹਰਾਹ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਾਜੈਕਟਾਂ ਸਬੰਧੀ ਕੀਤੀ ਰੀਵਿਊ ਮੀਟਿੰਗ ਦੌਰਾਨ ਕੀਤਾ। ਸ. ਧਰਮਸੋਤ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰੁੱਖਾਂ ਨੂੰ ਛੇਤੀ ਕੱਟਣ ਦੀ ਜ਼ਰੂਰਤ ਵਾਲੇ ਪ੍ਰਾਜੈਕਟਾਂ ਦੇ ਮਾਮਲੇ 'ਚ ਰੁੱਖਾਂ ਕਟਾਈ ਅਤੇ ਵੇਚਣ ਸਬੰਧੀ ਵੱਖਰੀ ਤਜਵੀਜ ਤਿਆਰ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਤਹਿਤ ਕੱਟੇ ਜਾਣ ਵਾਲੇ ਰੁੱਖਾਂ ਨੂੰ ਵੇਚਣ ਅਤੇ ਰੁੱਖਾਂ ਦੀ ਰਾਖਵੀਂ ਕੀਮਤ ਨਿਰਧਾਰਤ ਕਰਨ ਸਬੰਧੀ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੀਆਂ ਕੀਮਤਾਂ ਦੇ ਅੰਕੜੇ ਇਕੱਤਰ ਕਰਨ ਦੇ ਆਦੇਸ਼ ਵੀ ਦਿੱਤੇ।

ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ 'ਚ ਕੌਮੀ ਸ਼ਾਹਰਾਹ ਅਥਾਰਟੀ ਦੇ ਪੰਜ ਸੜਕੀ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ੍ਹਾਂ 'ਚ ਅੰਮ੍ਰਿਤਸਰ ਤੋਂ ਖੇਮਕਰਨ, ਰਾਮਸਰ ਤੋਂ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿਸਤਾਨ ਸਰਹੱਦੀ ਕਾਰੀਡੋਰ, ਤਲਵੰਡੀ ਭਾਈ ਤੋਂ ਫਿਰੋਜ਼ਪੁਰ ਅਤੇ ਲੁਧਿਆਣਾ-ਤਲਵੰਡੀ ਮਾਰਗ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਅਧੀਨ ਕੁੱਲ 23, 682 'ਚੋਂ 20,038 ਰੁੱਖਾਂ ਦੀ ਕਟਾਈ ਹੋ ਚੁੱਕੀ ਹੈ, ਜਦਕਿ ਬਾਕੀ 3,644 ਰੁੱਖਾਂ ਦੀ ਕਟਾਈ ਵੀ ਜਲਦ ਮੁਕੰਮਲ ਹੋ ਜਾਵੇਗੀ।
ਜੰਗਲਾਤ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ 'ਚ ਲੋਕ ਨਿਰਮਾਣ ਵਿਭਾਗ ਦੇ ਅੱਠ ਸੜਕੀ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ੍ਹਾਂ ਵਿੱਚ ਪੱਟੀ ਤੋਂ ਖੇਮਕਰਨ, ਪੱਟੀ ਤੋਂ ਤਰਨ ਤਾਰਨ, ਬਾਘਾ ਪੁਰਾਣਾ ਤੋਂ ਮੁਦਕੀ ਜਵਾਹਰ ਸਿੰਘ ਵਾਲਾ, ਮੋਗਾ ਤੋਂ ਮੱਖੂ ਮਾਰਗ, ਅਬੋਹਰ ਤੋਂ ਡੱਬਵਾਲੀ, ਹਰੀਕੇ ਤੋਂ ਖਹਿਰਾ, ਭਾਮਿਆਲ ਤੋਂ ਜਾਮਿਆਲ ਅਤੇ ਲੁਧਿਆਣਾ-ਫਿਰੋਜ਼ਪੁਰ ਮਾਰਗ ਆਦਿ ਪ੍ਰਗਤੀ ਅਧੀਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਰਗਾਂ ਤਹਿਤ 21,244 ਵਿੱਚੋਂ 18,993 ਰੁੱਖਾਂ ਦੀ ਕਟਾਈ ਹੋ ਚੁੱਕੀ ਹੈ, ਜਦਕਿ ਬਾਕੀ 4,675 ਰੁੱਖਾਂ ਦੀ ਕਟਾਈ ਵੀ ਛੇਤੀ ਹੀ ਹੋ ਜਾਵੇਗੀ। ਇਸ ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਜੰਗਲਾਤ ਰਵਨੀਤ ਕੌਰ, ਵਿਸ਼ੇਸ਼ ਸਕੱਤਰ ਜੰਗਲਾਤ ਕਰਨੇਸ਼ ਸ਼ਰਮਾ, ਪ੍ਰਧਾਨ ਮੁੱਖ ਵਣਪਾਲ ਜਤਿੰਦਰ ਸ਼ਰਮਾ, ਜੰਗਲਾਤ ਕਾਰਪੋਰੇਸ਼ਨ ਤੇ ਐਮ.ਡੀ. ਐਚ.ਐਸ. ਗਰੇਵਾਲ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।
 

Deepak Kumar

This news is Content Editor Deepak Kumar