ਮੰਤਰੀ ਜਿੰਪਾ ਵੱਲੋਂ ‘ਭੰਗੀ ਚੋਅ’ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ, ਸ਼ਹਿਰ ਵਾਸੀਆਂ ਨੂੰ ਕੀਤੀ ਇਹ ਅਪੀਲ

02/08/2023 8:02:14 PM

ਚੰਡੀਗੜ੍ਹ : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸ਼ੁਰੂ ਕੀਤੇ ਉਪਰਾਲੇ ਦੇ ਪਹਿਲੇ ਪੜਾਅ 'ਚ ਭੰਗੀ ਚੋਅ ਤੇ ਉਸ ਦੇ ਆਸ-ਪਾਸ ਦੇ ਏਰੀਏ ਨੂੰ ਸਾਫ਼ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭੰਗੀ ਚੋਅ ਉਹ ਏਰੀਆ ਹੈ ਜਿਥੋਂ ਲੋਕ ਹਿਮਾਚਲ ਅਤੇ ਹੋਰ ਜ਼ਿਲ੍ਹਿਆਂ ਨੂੰ ਜਾਣ ਲਈ ਗੁਜ਼ਰਦੇ ਹਨ ਪਰ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਦਾ ਅਕਸ ਇਥੋਂ ਗੁਜ਼ਰਨ ਵਾਲਿਆਂ ਸਾਹਮਣੇ ਬਹੁਤ ਖਰਾਬ ਜਾਂਦਾ ਹੈ।

ਇਹ ਵੀ ਪੜ੍ਹੋ : ਤਰੁਣ ਚੁੱਘ ਦਾ ਕਾਂਗਰਸ 'ਤੇ ਤਿੱਖਾ ਹਮਲਾ, ਕਿਹਾ-"ਰਾਹੁਲ ਗਾਂਧੀ ਵੱਲੋਂ ਸੰਸਦ 'ਚ ਦਿੱਤਾ ਭਾਸ਼ਣ ਝੂਠ ਤੇ ਤੱਥਹੀਣ"

ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਜੰਗੀ ਪੱਧਰ ’ਤੇ ਭੰਗੀ ਚੋਅ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੀ ਕਾਮਯਾਬੀ ਲਈ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਖ਼ੁਦ ਚੋਅ ਦੀ ਸਫ਼ਾਈ ਕਰਕੇ ਅਤੇ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਹ ਸਫ਼ਾਈ ਮੁਹਿੰਮ 24 ਫਰਵਰੀ ਤੱਕ ਚੱਲੇਗੀ।

ਹੁਸ਼ਿਆਰਪੁਰ ਦੇ ਧੋਬੀ ਘਾਟ ਚੌਕ 'ਤੇ ਆਪਣੇ ਸੰਬੋਧਨ ਦੌਰਾਨ ਜਿੰਪਾ ਨੇ ਕਿਹਾ ਕਿ 15 ਦਿਨਾਂ ਤਕ ਚੱਲਣ ਵਾਲੀ ਇਸ ਮੁਹਿੰਮ ਤੋਂ ਬਾਅਦ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਵੀ ਲੋਕਾਂ ਦੀ ਹਿੱਸੇਦਾਰੀ ਨਾਲ ਇਸ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਦੇਸ਼ ਦੇ ਸਾਫ਼-ਸੁਥਰੇ ਸ਼ਹਿਰਾਂ ਦੀ ਸ਼੍ਰੇਣੀ 'ਚ ਸ਼ਾਮਲ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਜਿੰਪਾ ਨੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟਾਈ ਕਿ ਸਫ਼ਾਈ ਮੁਹਿੰਮ ਦੇ ਪਹਿਲੇ ਦਿਨ ਹੀ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਸ਼ਹਿਰ ਦੇ ਐੱਨ.ਜੀ.ਓਜ਼ ਅਤੇ ਆਮ ਜਨਤਾ ਵੱਲੋਂ ਇਸ ਮੁਹਿੰਮ 'ਚ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ 'ਚ ਨਗਰ ਨਿਗਮ, ਵਣ ਵਿਭਾਗ, ਡਰੇਨੇਜ਼ ਵਿਭਾਗ, ਬੀ.ਐੱਸ.ਐੱਫ. ਖੜਕਾਂ ਦੇ ਵਲੰਟੀਅਰ, ਐੱਨ.ਐੱਸ.ਐੱਸ. ਵਲੰਟੀਅਰ, ਸਿਵਲ ਸੁਸਾਇਟੀਆਂ ਅਤੇ ਐੱਨ.ਜੀ.ਓਜ਼ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।

Mandeep Singh

This news is Content Editor Mandeep Singh