ਮੰਤਰੀ ਭਾਰਤ ਭੂਸ਼ਣ ਨੂੰ ਸਾਰੀਆਂ ਅਦਾਲਤਾਂ ਤੋਂ ਮਿਲ ਚੁੱਕੀ ਹੈ ਕਲੀਨ ਚਿੱਟ : ਕੈਪਟਨ

02/25/2020 10:31:47 PM

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)–ਵਿਧਾਨ ਸਭਾ 'ਚ ਮੰਗਲਵਾਰ ਨੂੰ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਉੱਠੇ ਵਿਵਾਦ 'ਤੇ ਵੀ ਜਵਾਬ ਦਿੱਤਾ। ਮੁੱਖ ਮੰਤਰੀ ਨੇ ਲੁਧਿਆਣਾ ਦੇ ਸਾਬਕਾ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵੱਲੋਂ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇ ਸੇਖੋਂ ਵਰਗੇ ਨੇ ਫੌਜ 'ਚ ਇਕ ਸੀਨੀਅਰ ਕਮਾਂਡਰ ਖਿਲਾਫ ਅਜਿਹੇ ਦੋਸ਼ ਲਾਏ ਹੁੰਦੇ ਤਾਂ ਉਸ ਦਾ ਹੁਣ ਤੱਕ ਕੋਰਟ ਮਾਰਸ਼ਲ ਹੋਣ ਦੇ ਨਾਲ-ਨਾਲ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੁੰਦਾ। ਫੂਡ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਖਿਲਾਫ ਸਾਬਕਾ ਡੀ. ਐੱਸ. ਪੀ. ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਬੀਤੇ ਦਿਨ ਸਦਨ 'ਚ ਕੁੱਝ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਚੁੱਕੇ ਗਏ ਮੁੱਦੇ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਡੀ. ਐੱਸ. ਪੀ. ਆਪਣੇ ਬੇਬੁਨਿਆਦ ਦੋਸ਼ਾਂ ਨਾਲ ਮੀਡੀਆ 'ਚ ਮੰਤਰੀ ਦੀ ਸਾਖ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਭਾਗੀ ਜਾਂਚ 'ਚ ਸਾਬਕਾ ਡੀ. ਐੱਸ. ਪੀ. ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਨਿੱਜੀ ਤੌਰ 'ਤੇ ਧਾਰਾ 311 ਅਨੁਸਾਰ ਉਕਤ ਅਧਿਕਾਰੀ ਦੀ ਬਰਖਾਸਤਗੀ ਨੂੰ ਯਕੀਨੀ ਬਣਾਉਣਗੇ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਆਸ਼ੂ ਨੂੰ ਟਾਡਾ ਅਦਾਲਤ ਅਤੇ ਹੋਰ ਅਦਾਲਤਾਂ ਨੇ ਹਰੇਕ ਪੱਧਰ 'ਤੇ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਸੇਖੋਂ ਵੱਲੋਂ ਦੱਸੇ ਗਏ ਸਾਰੇ ਮਾਮਲਿਆਂ ਦੀ ਅਦਾਲਤੀ ਕਾਰਵਾਈ ਰਾਹੀਂ ਜਾਂਚ ਕੀਤੀ ਗਈ ਸੀ ਅਤੇ ਡੀ. ਐੱਸ. ਪੀ. ਵੱਲੋਂ ਕੋਈ ਨਵਾਂ ਸਬੂਤ ਦਰਜ ਨਹੀਂ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਆਸ਼ੂ ਸਿਰਫ 19 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਸ਼ੂ ਖਿਲਾਫ ਟਾਡਾ ਮਾਮਲਿਆਂ ਦੀ ਜਾਂਚ ਉਸ ਸਮੇਂ ਦੀ ਅਕਾਲੀ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਵੱਲੋਂ ਕੀਤੀ ਗਈ ਸੀ ਅਤੇ ਆਸ਼ੂ ਨੂੰ ਪੂਰੀ ਤਰ੍ਹਾਂ ਨਿਰਦੋਸ਼ ਠਹਿਰਾਇਆ ਗਿਆ ਸੀ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਸ਼ੂ ਨੇ ਆਪਣੇ ਚੋਣ ਹਲਫਨਾਮੇ 'ਚ ਇਨ੍ਹਾਂ ਸਾਰੇ ਮਾਮਲਿਆਂ ਦਾ ਜ਼ਿਕਰ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ, ''ਇਸ ਵਿਅਕਤੀ (ਸੇਖੋਂ) ਨੂੰ ਪੁਲਸ ਫੋਰਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਇਥੋਂ ਤੱਕ ਕਿ ਕਈ ਗੰਭੀਰ ਦੋਸ਼ਾਂ 'ਚ ਡਿਊਟੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਪਰ ਬਾਅਦ 'ਚ ਉਸ ਨੂੰ ਬਹਾਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਹ ਮੇਰੇ ਮੰਤਰੀ 'ਤੇ ਦੋਸ਼ ਲਾ ਰਿਹਾ ਹੈ।' ਆਸ਼ੂ ਨੂੰ ਇਕ ਕਾਬਿਲ ਮੰਤਰੀ ਦੱਸਦੇ ਹੋਏ ਜਿਨ੍ਹਾਂ ਕੋਲ ਫੂਡ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਹੈ, ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਗੋਦਾਮ ਭਰੇ ਹੋਏ ਹਨ ਅਤੇ ਮੰਤਰੀ ਇਸ ਸਾਰੇ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਦਲ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਕਹਿਣਾ ਕਿ 32 ਸਾਲ ਬਾਅਦ ਅਕਾਲੀ ਨੇਤਾ ਵਲਟੋਹਾ ਖਿਲਾਫ ਕੇਸ ਖੋਲ੍ਹੇ ਗਏ ਸਨ ਤਾਂ ਕੈਪਟਨ ਅਮਰਿੰਦਰ ਨੇ ਚੁਟਕੀ ਲੈਂਦੇ ਹੋਏ ਕਿਹਾ, ''ਫਿਰ ਕਿਉਂ ਨਾ ਸਾਡੇ ਸੰਵਿਧਾਨ ਦੀਆਂ ਕਾਪੀਆਂ ਪਾੜਨ ਵਾਲੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕੇਸ ਚਲਾਇਆ ਜਾਵੇ? ''